1 ਜੁਲਾਈ ਤੋਂ ਹੇਤ ਦੀਆਂ ਖੱਡਾਂ ਬੰਦ, ਪਰ ਰੇਤ ਮਾਫੀਆ ਨਵੀ ਖੇਡ ਖੇਡਣ ਦੀ ਤਿਆਰੀ ਵਿੱਚ

Jul 05 2018 02:29 PM
1 ਜੁਲਾਈ ਤੋਂ ਹੇਤ ਦੀਆਂ ਖੱਡਾਂ ਬੰਦ, ਪਰ ਰੇਤ ਮਾਫੀਆ ਨਵੀ ਖੇਡ ਖੇਡਣ ਦੀ ਤਿਆਰੀ ਵਿੱਚ


ਜਲੰਧਰ
ਸਤਲੁਜ ਦਰਿਆ 'ਚ ਚੱਲ ਰਹੀਆਂ ਸਰਕਾਰੀ ਬੋਲੀ ਵਾਲੀਆਂ ਰੇਤ ਦੀਆਂ ਖੱਡਾਂ ਭਾਵੇਂ ਹੁਕਮਾਂ ਅਨੁਸਾਰ 1 ਜੁਲਾਈ ਤੋਂ ਬਾਅਦ ਬਰਸਾਤੀ ਮੌਸਮ ਹੋਣ ਕਰ ਕੇ 3 ਮਹੀਨਿਆਂ ਲਈ ਬੰਦ ਕਰ ਦਿੱਤੀਆਂ ਜਾਦੀਆਂ ਹਨ ਪਰ ਰੇਤ ਮਾਫੀਆ ਹੁਣ ਨਵੀਂ ਖੇਡ ਖੇਡਣ ਦੀ ਤਿਆਰੀ ਕਰ ਰਿਹਾ ਹੈ। 
ਰੇਤ ਮਾਫੀਆ ਹੁਣ ਸਰਕਾਰੀ ਖੱਡਾਂ ਬੰਦ ਹੋਣ ਤੋਂ ਬਾਅਦ ਜਲੰਧਰ ਅਤੇ ਲੁਧਿਆਣਾ 'ਚ ਪੈਂਦੇ ਸਤੁਲਜ ਦਰਿਆ ਕੰਢੇ ਰੇਤ ਦੇ ਡੰਪ ਬਣਾ ਕੇ ਵੱਡੇ-ਵੱਡੇ ਢੇਰ ਲਗਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਇਸ ਰੇਤ ਡੰਪ ਦੀ ਸਰਕਾਰ ਤੋਂ ਮਨਜ਼ੂਰੀ ਲੈ ਕੇ ਬਾਅਦ 'ਚ ਰੇਤ ਮਾਫੀਆ ਇਸ ਦੀ ਆੜ ਹੇਠ ਦਰਿਆ ਵਿਚੋਂ ਵੱਡੇ ਪੱਧਰ 'ਤੇ ਨਾਜਾਇਜ਼ ਮਾਈਨਿੰਗ ਕਰੇਗਾ। ਜਿਸ ਦਾ ਵਿਭਾਗੀ ਅਧਿਕਾਰੀਆਂ ਨੂੰ ਪਤਾ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਕੀ ਅਧਿਕਾਰੀ ਇਸ ਸਬੰਧੀ ਕੁਝ ਕਾਰਵਾਈ ਕਰਨਗੇ ਜਾਂ ਰੇਤ ਮਾਫੀਆ ਦੀ ਉਕਤ ਖੇਡ ਦੇ ਹਿੱਸੇਦਾਰ ਬਣਨਗੇ। 
ਸੂਤਰ ਦੱਸਦੇ ਹਨ ਮਾਫੀਆ ਵਲੋਂ ਵੱਡੇ ਪੱਧਰ 'ਤੇ ਡੰਪ ਕੀਤੀ ਰੇਤ ਦੀ ਵਿਭਾਗ ਅੰਦਰੋਂ-ਅੰਦਰ ਸਰਕਾਰ ਤੋਂ ਮਨਜ਼ੂਰੀ ਦਿਵਾਉਣ ਦੀ ਤਿਆਰੀ ਕਰ ਰਿਹਾ ਹੈ। ਦੇਖਣ ਵਾਲੀ ਗੱਲ ਹੈ ਕਿ ਜੇਕਰ ਸਰਕਾਰ ਡੰਪ ਕੀਤੀ ਰੇਤ ਨੂੰ ਵੇਚਣ ਦੀ ਮਨਜ਼ੂਰੀ ਦਿੰਦੀ ਹੈ ਤਾਂ ਕਿਹੜੇ ਪੈਮਾਨੇ 'ਤੇ ਦੇਵੇਗੀ, ਕਿਵੇਂ ਪਤਾ ਲੱਗੇਗਾ ਕਿ ਕਿੰਨੀ ਰੇਤ ਡੰਪ ਕੀਤੀ ਗਈ ਹੈ ਅਤੇ ਜੇਕਰ ਇਸ ਦੀ ਆੜ ਹੇਠ ਨਾਜਾਇਜ਼ ਮਾਈਨਿੰਗ ਹੁੰਦੀ ਹੈ ਤਾਂ ਵਿਭਾਗ ਠੇਕੇਦਾਰ ਜਾਂ ਮਾਫੀਆ 'ਤੇ ਕੀ ਕਾਰਵਾਈ ਕਰੇਗਾ। ਕਾਬਲੇ ਗੌਰ ਹੈ ਕਿ ਸਰਕਾਰ ਨੇ ਪਿਛਲੀ ਵਾਰ ਇਸ ਤਰ•ਾਂ ਦੀ ਕੋਈ ਮਨਜ਼ੂਰੀ ਨਹੀਂ ਦਿੱਤੀ ਸੀ।
ਡਾਇਰੈਕਟਰ ਮਾਈਨਿੰਗ ਨੇ ਮਨਜ਼ੂਰੀ ਸਬੰਧੀ ਕੁੱਝ ਵੀ ਕਹਿਣ ਤੋਂ ਕੀਤਾ ਇਨਕਾਰ
ਇਸ ਸਬੰਧੀ ਜਦੋਂ ਡਾਇਰੈਕਟਰ ਮਾਈਨਿੰਗ ਪੰਜਾਬ ਕੁਮਾਰ ਰਾਹੁਲ ਆਈ. ਪੀ. ਐੱਸ. ਨਾਲ ਗੱਲਬਾਤ ਕੀਤੀ ਗਈ ਤਾਂ ਉਨ•ਾਂ ਕਿਹਾ ਕਿ ਸਰਕਾਰ ਦੀਆਂ ਸਖਤ ਹਦਾਇਤਾਂ ਹਨ ਕਿ ਨਾਜਾਇਜ਼ ਮਾਈਨਿੰਗ ਕਿਸੇ ਹਾਲਾਤ 'ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਰੇਤ ਮਾਫੀਆ ਵੱਲੋਂ ਦਰਿਆ ਕੰਢੇ ਡੰਪ ਕੀਤੀ ਗਈ ਰੇਤ ਵੇਚਣ ਦੀ ਮਨਜ਼ੂਰੀ ਸਬੰਧੀ ਉਨ•ਾਂ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਮੁਲਜ਼ਮਾਂ ਨੂੰ ਫੜ ਕੇ ਡੱਕਾਂਗੇ ਜੇਲ 'ਚ : ਡੀ. ਸੀ. 
ਸਤਲੁਜ ਦਰਿਆ ਕੰਢੇ ਰੇਤ ਡੰਪ ਦੇ ਮਾਮਲੇ ਸਬੰਧੀ ਡੀ. ਸੀ. ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਉਹ ਟੀਮਾਂ ਭੇਜ ਕੇ ਜਾਂਚ ਕਰਵਾਉਣਗੇ ਅਤੇ ਨਾਜਾਇਜ਼ ਮਾਈਨਿੰਗ ਹੁੰਦੀ ਹੋਈ ਤਾਂ ਮੁਲਜ਼ਮਾਂ ਨੂੰ ਫੜ ਕੇ ਜੇਲ 'ਚ ਡੱਕਿਆ ਜਾਵੇਗਾ।
ਕੀ ਕਹਿੰਦੇ ਏ. ਡੀ. ਸੀ. ਕਮ ਨੋਡਲ ਅਫਸਰ
ਦਰਿਆ ਕੰਢੇ ਰੇਤ ਦੇ ਵੱਡੇ-ਵੱਡੇ ਢੇਰ ਲਾ ਕੇ ਉਸ ਦੀ ਆੜ ਹੇਠ ਰੇਤ ਮਾਫੀਆ ਵੱਲੋਂ ਸ਼ੁਰੂ ਕੀਤੀ ਜਾ ਰਹੀ ਨਵੀਂ ਖੇਡ ਸਬੰਧੀ ਏ. ਡੀ. ਸੀ. ਕਮ ਨੋਡਲ ਅਫਸਰ ਜਸਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ•ਾਂ ਕਿਹਾ ਕਿ ਉਹ ਇਸ ਸਬੰਧੀ ਕੁਝ ਨਹੀਂ ਕਹਿ ਸਕਦੇ। ਉਹ ਨੋਡਲ ਅਫਸਰ ਹਨ ਤੇ ਉਨਾਂ ਦਾ ਕੰਮ ਨਾਜਾਇਜ਼ ਮਾਈਨਿੰਗ ਨੂੰ ਰੋਕਣ ਅਤੇ ਸ਼ਿਕਾਇਤਾਂ ਦਾ ਕੰਮ ਦੇਖਣਾ ਹੈ। ਇਸ ਸਬੰਧੀ ਡਾਇਰੈਕਟਰ ਮਾਈਨਿੰਗ ਹੀ ਦੱਸ ਸਕਦੇ ਹਨ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED