ਵਿਸ਼ਵ ਮਿੱਟੀ ਦਿਵਸ ਮਨਾਇਆ

Dec 13 2018 03:07 PM
ਵਿਸ਼ਵ ਮਿੱਟੀ ਦਿਵਸ ਮਨਾਇਆ



ਪਠਾਨਕੋਟ
ਮਿੱਟੀ ਅਜਿਹਾ ਬਹੁਮੁੱਲਾ ਕੁਦਰਤੀ ਸਰੋਤ ਹੈ ਜਿਸ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਸੰਯੁਕਤ ਰਾਸ਼ਟਰ ਵੱਲੋਂ 2002 ਵਿੱਚ ਕਰਵਾਈ ਅੰਤਰਰਾਸ਼ਟਰੀ ਸਾਇਲ ਸਾਇੰਸ ਯੂਨੀਅਨ ਵੱਲੋਂ ਸਰਬਸੰਮਤੀ ਨਾਲ ਸਿਫਾਰਸ਼ ਕੀਤੀ ਗਈ ਕਿ ਹਰ ਸਾਲ 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਮਨਾਇਆ ਜਾਵੇ ਤਾਂ ਜੋ ਕਿਸਾਨਾਂ ਅਤੇ ਹੋਰਨਾਂ ਲੋਕਾਂ ਅੰਦਰ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਇਹ ਵਿਚਾਰ ਡਾ ਅਮਰੀਕ ਸਿੰਘ ਭੌਂ ਪਰਖ ਅਫਸਰ ਪਠਾਨਕੋਟ ਨੇ ਪ੍ਰਿੰਸੀਪਲ ਸ਼੍ਰੀਮਤੀ ਮੰਜ, ਦੀ ਅਗਵਾਈ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੰਗੋਤਾ(ਸਤੀਨ) ਵੱਲੋਂ ਮਨਾਏ ਵਿਸ਼ਵ ਮਿੱਟੀ ਦਿਵਸ ਮੌਕੇ ਸਕੂਲ ਦੇ ਖੇਤੀਬਾੜੀ ਵਿਸ਼ੇ ਨਾਲ ਸੰਬੰਧਤ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਹੇ। ਇਸ ਮੌਕੇ ਖੇਤੀਬਾੜੀ ਅਧਿਆਪਕ ਸੰਦੀਪ ਕੁਮਾਰ,ਮੁਨੀਸ਼ ਕੁਮਾਰ ,ਬ੍ਰਹਮ ਦਾਸ,ਰਘਬੀਰ ਸਿੰਘ,ਵਿਜੇ ਕੁਮਾਰ,ਅੰਸ਼ੁਮਨ ਸ਼ਰਮਾ ਖੇਤੀਬਾੜੀ  ਉਪ ਨਿਰੀਖਕ, ਸੁਖਜਿੰਦਰ ਸਿੰਘ ਏ ਟੀ ਐਮ, ਸੁਭਾਸ਼ ਕੁਮਾਰ ਸਮੇਤ ਸਮੂਹ ਅਧਿਆਪਕ ਸਹਿਬਾਨ ਹਾਜ਼ਰ ਸਨ।ਇਸ ਮੌਕੇ ਬੱਚਿਆਂ ਦੇ ਵਿਸ਼ਵ ਮਿੱਟੀ ਦਿਵਸ ਨਾਲ ਸੰਬੰਧਤ ਪੋਸਟਰ ਬਨਾਉਣ ਦੇ ਮੁਕਾਬਲੇ ਕਰਵਾਏ ਗਏ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਹਾੜੀ ਦੀਆਂ ਫਸਲਾਂ ਦੀਆਂ ਸਿਫਾਰਸ਼ਾਂ ਦੀਆਂ ਕਿਤਾਬਾਂ ਦਿੱਤੀਆਂ ਗਈਆਂ।
               ਡਾ ਅਮਰੀਕ ਸਿੰਘ  ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਮਹਿਸੂਸ ਕੀਤਾ ਗਿਆ ਕਿ ਮਿੱਟੀ ਹੀ ਅਜਿਹੀ ਕੁਦਰਤ ਵੱਲੋਂ ਬਖਸ਼ੀ ਅਨਮੋਲ ਦਾਤ ਹੈ ਜਿਸ ਤੋਂ ਭੋਜਨ, ਪਾਣੀ ,ਲੱਕੜ ਆਦਿ ਅਨੇਕਾਂ ਮਨੁੱਖੀ ਜੀਵਨ ਲਈ ਲੋੜੀਦੇ ਪਦਾਰਥ ਮਿਲਦੇ ਹਨ ਪਰ ਬਹੁਤ ਲੰਮੇ ਸਮੇਂ ਤੱਕ ਮਿੱਟੀ ਦੀ ਮਹੱਤਤਾ ਨੂੰ ਅਣਗੌਲਿਆਂ ਕੀਤਾ ਗਿਆ। ਉਨਾਂ ਕਿਹਾ ਕਿ ਮਿੱਟੀ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਸੰਯੁਕਤ ਰਾਸ਼ਟਰ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਹਰ ਸਾਲ 5 ਦਸੰਬਰ ਨੂੰ ਵਿਸਵ ਮਿੱਟੀ ਦਿਵਸ ਮਨਾਇਆ ਜਾਵੇ ਤਾਂ ਜੋ ਕਿਸਾਨਾ ਅਤੇ ਹੋਰਨਾਂ ਲੋਕਾਂ ਅੰਦਰ ਜਾਗਰੁਕਤਾ ਪੈਦਾ ਕੀਤੀ ਜਾ ਸਕੇ। ਡਾ ਅਮਰੀਕ ਸਿੰਘ ਨੇ ਮਿੱਟੀ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਸੰਤੁਲਿਤ ਤੇ ਸੁਚੱਜੀ ਵਰਤੋਂ ਨਾਂ ਕਰਨ ਕਰਕੇ ਪੰਜਾਂ ਦਰਿਆਵਾਂ ਦੀ ਜਰਖੇਜ਼ ਮਿੱਟੀ ਬੰਜਰ ਬਨਣ ਦੇ ਨੇੜੇ ਪਹੁੰਚ ਗਈ ਹੈ ਅਤੇ ਜੇਕਰ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਸਾਨੂੰ ਮਿੱਟੀ ਦੀ ਮਹੱਤਤਾ ਨੂੰ ਸਮਝਣਾ ਪਵੇਗਾ ਅਤੇ ਅਜਿਹੀਆਂ ਯੋਜਨਾਵਾਂ ਬਨਾਉਣੀਆਂ ਪੈਣਗੀਆਂ ਜਿਸ ਨਾਲ ਮਿੱਟੀ ਦਾ ਪੁਰਾਣਾ ਰੂਪ ਵਾਪਸ ਆ ਸਕੇ ਤਾਂ ਜੋ ਭਵਿੱਖ ਵਿੱਚ ਇਸ ਮਿੱਟੀ ਤੋਂ ਸਿਹਤਮੰਦ ਭੋਜਨ ਪ੍ਰਾਪਤ ਕਰ ਸਕੀਏ। ਉਨਾਂ ਕਿਹਾ ਕਿ ਖੇਤੀ ਮਾਹਿਰਾਂ ਅਨੁਸਾਰ ਕਿਸੇ ਵੀ ਫਸਲ ਦੀ ਸਫਲ ਕਾਸ਼ਤ ਲਈ ਜ਼ਰੂਰੀ ਹੈ ਕਿ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ ਖਾਦਾਂ ਦੀ ਵਰਤੋਂ ਅਨੁਪਾਤ 4:2:1 ਹੋਣਾ ਚਾਹੀਦਾ ਜਦ ਕਿ ਇਸ ਵਕਤ ਪੰਜਾਬ ਵਿੱਚ ਕਿਸਾਨਾਂ ਵੱਲੋਂ ਕੇਵਲ ਫਾਸਫੋਰਸ ਅਤੇ ਨਾਈਟਰੋਜਨ ਖਾਦਾਂ ਦੀ ਹੀ ਵਰਤੋਂ ਕੀਤੀ ਜਾਦੀ ਹੈ। ਉਨਾਂ ਕਿਹਾ ਕਿ ਮਿਆਰੀ ਉਤਪਾਦਨ ਲੈਣ ਲਈ ਸੰਤੁਲਤ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਮੁਨੀਸ਼ ਕੁਮਾਰ ਨੇ ਕਿਹਾ ਕਿ ਸ਼ਹਿਰਾਂ ਵਿੱਚ ਸੀਵਰੇਜ ਦੇ ਅਣਸੋਧੇ ਪਾਣੀ ਦੇ ਦਰਿਆਵਾਂ ਦੇ ਪਾਣੀ ਨਾਲ ਮਿਲ ਕੇ ਜ਼ਮੀਨ ਵਿੱਚ ਜੀਰਨ ਨਾਲ ਮਿੱਟੀ ਦੀ ਪ੍ਰਦੂਸ਼ਤਤਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ,ਜੋ ਮਨੁੱਖੀ ਸਿਹਤ ਲਈ ਬਹੁਤ ਮਾੜਾ ਹੈ।ਉਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਜਨਮ ਦਿਨ ਮੌਕੇ ਹਰੇਕ ਬੱਚਾ ਇੱਕ ਪੌਦਾ ਜ਼ਰੂਰ ਲਗਾਵੇ ਅਤੇ ਸੰਭਾਲ ਵੀ ਕਰੇ।ਸੰਦੀਪ ਕੁਮਾਰ ਨੇ ਕਿਹਾ ਕਿ ਸ਼ੁੱਧ ਭੋਜਨ ਪੈਦਾ ਕਰਨ ਲਈ ਜ਼ਮੀਨ ਦੀ ਸਿਹਤ ਬਰਕਰਾਰ ਰੱਖਣ ਲਈ ਦੇਸੀ ਖਾਦਾਂ ਦੀ ਵਰਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਿਨਾਂ ਜਲਾਇਆਂ ਜ਼ਮੀਨ ਵਿੱਚ ਵਾਹੁਣ ਨੂੰ ਉਤਸ਼ਾਹਿਤ ਕਰਨਾ ਹੋਵੇਗਾ।ਉਨਾਂ ਨੇ ਕਿਹਾ ਕਿ ਜੇਕਰ ਹੁਣ ਵੀ ਅਸੀਂ ਨਾਂ ਸੰਭਲੇ ਤਾਂ ਬਹੁਤ ਦੇਰ ਹੋ ਜਾਵੇਗੀ, ਜਿਸ ਕਰਕੇ ਭਵਿੱਖ ਦੀ ਕਿਸਾਨੀ ਸਾਨੂੰ ਮਾਫ ਨਹੀਂ ਕਰੇਗੀ।ਉਨਾਂ ਮਿੱਟੀ ਪਰਖ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਫਸਲਾਂ ਤੋਂ ਲਾਹੇਵੰਦ ਝਾੜ ਲੈਣ ਲਈ ਖਾਦਾਂ ਦੀ ਸਹੀ ਮਾਤਰਾ ਵਿੱਚ ਉਚਿਤ ਸਮੇਂ ਤੇ ਅਤੇ ਯੋਗ ਢੰਗ ਨਾਲ ਵਰਤੋ ਜਰੂਰੀ ਹੈ।

© 2016 News Track Live - ALL RIGHTS RESERVED