ਸਿਹਰਾ ਆਪਣੇ ਸਿਰ ਬੰਨ੍ਹਣ ਦੀ ਲੜਾਈ ਮੇਅਰ ਅਤੇ ਵਿਧਾਇਕ ਵਿਚ ਸ਼ੁਰੂ

Dec 15 2018 03:01 PM
ਸਿਹਰਾ ਆਪਣੇ ਸਿਰ ਬੰਨ੍ਹਣ ਦੀ ਲੜਾਈ ਮੇਅਰ ਅਤੇ ਵਿਧਾਇਕ ਵਿਚ ਸ਼ੁਰੂ

ਪਠਾਨਕੋਟ

ਨਗਰ ਨਿਗਮ ਪਠਾਨਕੋਟ ਵਿਚ 8 ਕਰੋੜ 17 ਲੱਖ ਰੁਪਏ ਗਲੀਆਂ ਅਤੇ ਸੜਕਾਂ ਲਈ ਪਾਸ ਹੋਣ ਅਤੇ ਜਨਵਰੀ ਦੇ ਪਹਿਲੇ ਹਫ਼ਤੇ ਇਨ੍ਹਾਂ ਦੇ ਟੈਂਡਰ ਲਾਉਣ ਦੀਆਂ ਖ਼ਬਰਾਂ ਦੇ ਬਾਅਦ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਲੜਾਈ ਮੇਅਰ ਅਤੇ ਵਿਧਾਇਕ ਵਿਚ ਸ਼ੁਰੂ ਹੋ ਗਈ ਹੈ | ਮੇਅਰ ਅਨਿਲ ਵਾਸੂਦੇਵਾ ਨੇ ਕੁਝ ਕਾਰਪੋਰੇਟਰ ਦੇ ਨਾਲ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ 8 ਕਰੋੜ 17 ਲੱਖ ਰੁਪਏ ਨਗਰ ਨਿਗਮ ਦੇ ਪੈਸੇ ਹਨ ਅਤੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੰੂ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਜੋ ਵੀ ਬਿਆਨ ਆ ਰਹੇ ਹਨ ਉਹ ਗ਼ਲਤ ਹਨ | ਜਦੋਂ ਕਿ ਪੰਜਾਬ ਸਰਕਾਰ ਵਲੋਂ ਕੋਈ ਵੀ ਮਾਲੀ ਸਹਾਇਤਾ ਨਹੀਂ ਮਿਲੀ ਹੈ | ਮੇਅਰ ਨੇ ਦਾਅਵਾ ਕੀਤਾ ਕਿ 8.17 ਕਰੋੜ ਨਹੀਂ, ਬਲਕਿ ਲਗਪਗ ਸਾਢੇ 13 ਕਰੋੜ ਰੁਪਏ ਦੇ ਟੈਂਡਰ ਲਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਹਾਊਸ ਦੀ ਮੀਟਿੰਗ ਵਿਚ ਉਹ ਪਾਸ ਕੀਤੇ ਗਏ ਹਨ | ਇਸ ਮੌਕੇ ਸੀਨੀਅਰ ਡਿਪਟੀ ਮੇਅਰ ਨਿਰਮਲ ਸਿੰਘ, ਕਾਰਪੋਰੇਟਰ ਬਲਵਿੰਦਰ ਬਿੱਲਾ, ਕਾਰਪੋਰੇਟਰ ਵਿਸ਼ਵਜੀਤ, ਕਾਰਪੋਰੇਟਰ ਸ਼ਮਸ਼ੇਰ ਸਿੰਘ, ਕਾਰਪੋਰੇਟਰ ਭਗਵਤੀ ਆਦਿ ਹਾਜ਼ਰ ਸਨ | ਜਦੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਨਿਲ ਵਿੱਜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕੰਮਾਂ ਨੰੂ ਲੈ ਕੇ ਪੰਜਾਬ ਸਰਕਾਰ ਵਚਨਬੱਧ ਹੈ | ਮੇਅਰ ਅਨਿਲ ਵਾਸੂਦੇਵਾ ਵਲੋਂ ਇਸ ਤਰ੍ਹਾਂ ਦੀ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਕੋਈ ਮੁੱਲ ਨਹੀਂ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਜੋ ਵੀ ਵਿਕਾਸ ਕੰਮ ਹੋ ਰਹੇ ਹਨ, ਉਹ ਚੰਡੀਗੜ੍ਹ ਵਿਖੇ ਹੋਈ ਚੀਫ਼ ਇੰਜੀਨੀਅਰਿੰਗ ਪੰਜਾਬ ਪੱਧਰ ਦੀ ਮੀਟਿੰਗ ਵਿਚ ਪਹਿਲੇ ਪਾਸ ਕੀਤੇ ਗਏ ਹਨ | ਇਸ ਵਿਚ ਪਠਾਨਕੋਟ ਤੋਂ ਐੱਮ.ਈ ਅਤੇ ਟਰੱਸਟ ਵਲੋਂ ਵੀ ਅਧਿਕਾਰੀਆਂ ਨੇ ਹਿੱਸਾ ਲਿਆ ਸੀ | ਉਨ੍ਹਾਂ ਮੇਅਰ ਅਨਿਲ ਵਾਸੂਦੇਵਾ 'ਤੇ ਸਵਾਲ ਕੀਤਾ ਕਿ ਉਨ੍ਹਾਂ ਕਿਉਂ ਨਹੀਂ ਇਸ ਮੀਟਿੰਗ ਵਿਚ ਹਿੱਸਾ ਲਿਆ | ਯਾਦ ਰਹੇ ਕਿ ਇਸ ਫ਼ੰਡ ਨੰੂ ਲੈ ਕੇ ਹਲਕਾ ਵਿਧਾਇਕ ਨੇ ਬਿਆਨ ਦਿੱਤੇ ਸਨ, ਜਿਨ੍ਹਾਂ ਨੰੂ ਝੂਠਾ ਸਾਬਤ ਕਰਨ ਲਈ ਮੇਅਰ ਨੇ ਪੱਤਰਕਾਰ ਸੰਮੇਲਨ ਬੁਲਾਇਆ ਸੀ |

© 2016 News Track Live - ALL RIGHTS RESERVED