ਪੰਚਾਇਤ ਵਿਭਾਗ ਨੇ ਜਾਗਰੂਕਤਾ ਲਈ 11 ਫਰਵਰੀ ਤੋਂ ਉਲੀਕਿਆ ਪ੍ਰੋਗਰਾਮ

Feb 09 2019 03:03 PM
ਪੰਚਾਇਤ ਵਿਭਾਗ ਨੇ ਜਾਗਰੂਕਤਾ ਲਈ 11 ਫਰਵਰੀ ਤੋਂ ਉਲੀਕਿਆ ਪ੍ਰੋਗਰਾਮ


ਪਠਾਨਕੋਟ

ਪੰਚਾਇਤਾਂ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਨਵੇਂ ਚੁਣੇ ਗਏ ਪੰਚਾਂ-ਸਰਪੰਚਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਉਲੀਕਿਆ ਗਿਆ ਹੈ।
ਪੇਂਡੂ ਵਿਕਾਸ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰੋਗਰਾਮ ਇਸ ਢੰਗ ਨਾਲ ਬਣਾਇਆ ਗਿਆ ਹੈ ਕਿ ਪੰਚਾਂ ਸਰਪੰਚਾਂ ਨੂੰ ਪੰਚਾਇਤ ਦਾ ਰਿਕਾਰਡ ਰੱਖਣ, ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਪਿੰਡਾਂ ਦਾ ਵਿਉਂਤਬੱਧ ਵਿਕਾਸ ਕਰਨ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਉਹਨਾਂ ਨੇ ਵਿਭਾਗ ਨੂੰ ਕਿਹਾ ਹੈ ਕਿ ਇਸ ਟਰੇਨਿਗ ਪ੍ਰੋਗਰਾਮ ਵਿਚ ਪੰਚਾਂ ਅਤੇ ਸਰਪੰਚਾਂ ਦੀ 100 ਫੀਸਦੀ ਹਾਜ਼ਰੀ ਯਕੀਨੀ ਬਣਾਉਣ। ਇਸ ਦੇ ਨਾਲ ਇਹ ਵੀ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਚੁਣੀਆਂ ਗਈਆਂ ਔਰਤਾਂ ਖੁਦ ਇਸ ਸਿਖਲਾਈ ਪ੍ਰੋਗਰਾਮ ਵਿਚ ਹਿੱਸਾ ਲੈਣ।
    ਪੰਚਾਇਤ ਮੰਤਰੀ ਨੇ ਟਰੇਨਿੰਗ ਪ੍ਰੋਗਰਾਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਬਲਾਕ ਵਿੱਚ ਦੋ ਦਿਨਾਂ ਟ੍ਰੇਨਿੰਗ ਕੈਂਪ ਲਾਇਆ ਜਾਵੇਗਾ ਜਿਸ ਵਿਚ ਬਲਾਕ ਦੇ ਸਾਰੇ ਪੰਚ-ਸਰਪੰਚ ਹਿੱਸਾ ਲੇਣਗੇ। ਉਨਾਂ ਦੱਸਿਆ ਕਿ ਮੋਗਾ, ਫਿਰੋਜਪੁਰ ਅਤੇ ਰੋਪੜ ਜ਼ਿਲਿਆਂ ਦੀ ਟਰੇਨਿੰਗ 11 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ ਬਾਕੀ 19 ਜ਼ਿਲਿਆਂ ਦੀ ਟਰੇਨਿੰਗ 15 ਫਰਵਰੀ ਤੋਂ ਸ਼ੁਰੂ ਕੀਤੀ ਜਾਵੇਗੀ।
     ਸਿਖਲਾਈ ਪ੍ਰੋਗਰਾਮ ਦੌਰਾਨ ਦਿੱਤੀ ਜਾਣ ਵਾਲੀ ਟਰੇਨਿੰਗ ਦਾ ਵਿਸਥਾਰ ਦਿੰਦਿਆਂ ਪੰਚਾਇਤ ਮੰਤਰੀ ਨੇ ਦੱਸਿਆ ਕਿ ਪੰਚਾਂ-ਸਰਪੰਚਾਂ ਨੂੰ ਸਿਖਲਾਈ ਦੇਣ ਵਿਅਕਤੀਆਂ ਨੂੰ ਪਹਿਲਾਂ ਸਿਖਲਾਈ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦੇ ਦੌਰਾਨ ਪੰਚਾਇਤਾਂ ਨੂੰ ਉਨਾਂ ਦੀਆਂ ਸ਼ਕਤੀਆਂ ਅਤੇ ਜਿੰੰਮੇਵਾਰੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਪੰਚਾਇਤੀ ਰਾਜ ਐਕਟ, ਵਿਲੇਜ਼ ਕਾਮਨ ਲੈਂਡ ਐਕਟ, ਸ਼ਾਮਲਾਤ ਜਮੀਨਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
     ਇਸ ਤੋਂ ਇਲਾਵਾ ਗ੍ਰਾਮ ਸਭਾ ਦੀ ਬਣਤਰ, ਕੋਰਮ, ਮਤਾ, ਮੀਟਿੰਗਾਂ, ਐਸਟੀਮੇਟ, ਮੈਟੀਰੀਅਲ ਦੀ ਖਰੀਦ, ਫੰਡਾਂ ਦੀ ਵਰਤੋਂ, ਵਿੱਤੀ ਲੇਖੇ ਦਾ ਰੱਖ ਰਖਾਵ, ਰਿਕਾਰਡ ਅਤੇ ਰਜਿਸਟਰਾਂ ਦੀ ਸਾਂਭ ਸੰਭਾਲ, ਪੰਚਾਇਤ ਸਕੱਤਰ ਦਾ ਰੋਲ, ਸੂਚਨਾ ਦਾ ਅਧਿਕਾਰ ਐਕਟ-2005 ਬਾਰੇ ਜਾਣਕਾਰੀ ਦਿੱਤੀ ਜਾਵੇਗੀ।
     ਇਸ ਸਿਖਲਾਈ ਪ੍ਰੋਗਰਾਮ ਦੇ ਦੌਰਾਨ ਸਰਕਾਰੀ ਸਕੀਮਾਂ ਦਾ ਵਿਕਾਸ ਕਾਰਜਾਂ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਨਾਲ ਹੀ ਇਹ ਵੀ ਦੱਸਿਆ ਜਾਵੇਗਾ ਕਿ ਇੰਨਾਂ ਸਕੀਮਾਂ ਤੋਂ ਕਿਸ ਤਰਾਂ ਲਾਭ ਲੈਣਾ ਹੈ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਪੰਚਾਇਤਾਂ ਨੂੰ ਇਹ ਵੀ ਜਾਗਰੂਕ ਕੀਤਾ ਜਾਵੇਗਾ ਕਿ ਸਿੱਖਿਆ ਦੇ ਸੁਧਾਰ ਵਿਚ ਪੰਚਾਇਤਾਂ ਕਿਸ ਤਰਾਂ ਯੋਗਦਾਨ ਪਾ ਸਕਦੀਆਂ ਹਨ।

© 2016 News Track Live - ALL RIGHTS RESERVED