ਪਿ੍ਰਯੰਕਾ ਵੱਲੋਂ ਕੈਪਟਨ ਅਮਰਿੰਦਰ ਨਾਲ ਮਿਲ ਕੇ ਪਠਾਨਕੋਟ ’ਚ ਰੋਡ ਸ਼ੋਅ, ਜਾਖੜ ਦੇ ਹੱਕ ਵਿੱਚ ਭਾਰੀ ਜਨ ਸੈਲਾਬ ਉੱਤਰਿਆ

May 15 2019 01:43 PM
ਪਿ੍ਰਯੰਕਾ ਵੱਲੋਂ ਕੈਪਟਨ ਅਮਰਿੰਦਰ ਨਾਲ ਮਿਲ ਕੇ ਪਠਾਨਕੋਟ ’ਚ ਰੋਡ ਸ਼ੋਅ, ਜਾਖੜ ਦੇ ਹੱਕ ਵਿੱਚ ਭਾਰੀ ਜਨ ਸੈਲਾਬ ਉੱਤਰਿਆ


       
       
ਪਠਾਨਕੋਟ,
        ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਖੌਤੀ ਰਾਸ਼ਟਰਵਾਦ ’ਤੇ ਤਿੱਖਾ ਹਮਲਾ ਕਰਦੇ ਹੋਏ ਕੁਲ ਹਿੰਦ ਕਾਂਰਗਸ ਕਮੇਟੀ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਨੇ ਗੁਰਦਾਸਪੁਰੀਆਂ ਤੋਂ ਪੁੱਛਿਆ ਕਿ ਕੀ ਉਹ ਸ਼ਹੀਦਾਂ ’ਤੇ ਸਿਆਸਤ ਕਰਨ ਵਾਲੇ ਨੂੰ ਪ੍ਰਧਾਨ ਮੰਤਰੀ ਚਾਹੁੰਦੇ ਹਨ ਜਾਂ ਸ਼ਹੀਦ ਪ੍ਰਧਾਨ ਮੰਤਰੀ ਦੇ ਪੁੱਤਰ (ਰਾਹੁਲ ਗਾਂਧੀ) ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ।
        ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਠਾਨਕੋਟ ਵਿਖੇ ਇਕ ਰੋਡ ਸ਼ੋਅ ਦੀ ਅਗਵਾਈ ਕਰਦੇ ਹੋਏ ਪਿ੍ਰਯੰਕਾ ਗਾਂਧੀ ਨੇ ਕਿਹਾ ਕਿ ਮੋਦੀ ਸਭ ਤੋਂ ਵੱਡਾ ਐਕਟਰ ਹੈ ਜਿਸ ਨੇ ਪਿਛਲੇ ਪੰਜ ਸਾਲ ਝੂਠ ਦੀ ਮੁਹਿੰਮ ਕਰਦੇ ਹੋਏ ਗੁਜ਼ਾਰੇ ਹਨ। ਉਸ ਨੇ ਅਜਿਹਾ ਕਰਦੇ ਹੋਏ ਸ਼ਹੀਦਾਂ ਜਾਂ ਸਾਬਕਾ ਫੌਜੀਆਂ ਨੂੰ ਵੀ ਨਹੀਂ ਬਖ਼ਸ਼ਿਆ। ਸਾਬਕਾ ਫੌਜੀਆਂ ਲਈ ਇਕ ਰੈਂਕ ਇਕ ਪੈਨਸ਼ਨ ਦੇ ਤੋਹਫੇ ਦਾ ਦਾਅਵਾ ਕਰ ਕੇ ਸਾਬਕਾ ਫੌਜੀਆਂ ਦੀਆਂ ਸੇਵਾਵਾਂ ਦਾ ਸਿਆਸੀਕਰਨ ਕਰਨ ਲਈ ਵੀ ਪਿ੍ਰਯੰਕਾ ਗਾਂਧੀ ਨੇ ਮੋਦੀ ਦੀ ਆਲੋਚਨਾ ਕੀਤੀ।
        ਵਾਲਮੀਕਿ ਚੌਂਕ ਵਿਖੇ ਇਕ ਟਰੱਕ ਤੋਂ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪਿ੍ਰਯੰਕਾ ਗਾਂਧੀ ਨੇ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਦਾ ਜ਼ਿਕਰ ਕਰਦਿਆਂ ਗੁਰਦਾਸਪੁਰੀਆਂ ਨੂੰ ਪੁਛਿਆ ਕਿ ਕੀ ਉਹ ਇਕ ਨੇਤਾ ਚਾਹੁੰਦੇ ਹਨ ਜਾਂ ਅਭਿਨੇਤਾ। ਉਨਾਂ ਨੇ ਜਾਖੜ ਦੇ ਇਕ ਅਸਲੀ ਨੇਤਾ ਹੋਣ ਦੀ ਗੱਲ ਆਖੀ।
        ਮੋਦੀ ਦੀਆਂ ਨੌਟੰਕੀਆਂ ਅਤੇ ਫਰੇਬ ’ਤੇ ਟਿੱਪਣੀ ਕਰਦਿਆਂ ਪਿ੍ਰਯੰਕਾ ਗਾਂਧੀ ਨੇ ਕਿਹਾ ਕਿ ਲੋਕਾਂ ਨੇ ਇਕ ‘ਅਭਿਨੇਤਾ’ ਨੂੰ ਵੋਟਾਂ ਪਾ ਕੇ ਉਸ ਨੂੰ ਸੱਤਾ ਵਿੱਚ ਲਿਆਂਦਾ ਸੀ ਪਰ ਉਸ ਨੇ ਪੰਜ ਸਾਲ ਲੋਕਾਂ ਨੂੰ ਬੇਵਕੂਫ ਬਣਾਇਆ। ਉਨਾਂ ਕਿਹਾ ਕਿ ਮੋਦੀ ਨਾ ਹੀ ਭਾਰਤ ਬਾਰੇ ਸੋਚਦਾ ਹੈ ਅਤੇ ਨਾ ਹੀ ਇੱਥੋਂ ਦੇ ਲੋਕਾਂ ਅਤੇ ਕਿਸਾਨਾਂ ਬਾਰੇ। ਉਹ ਸਿਰਫ ਪਾਕਿਸਤਾਨ ਬਾਰੇ ਹੀ ਗੱਲ ਕਰਦਾ ਹੈ। ਉਨਾਂ ਕਿਹਾ ਕਿ ਮੋਦੀ ਨੇ ਪਿਛਲੇ ਪੰਜ ਸਾਲ ਲੋਕਾਂ ਨੂੰ ਮੁਰਖ ਬਣਾਉਣ ਅਤੇ ਝੂਠ ਬੋਲਣ ਵਿੱਚ ਹੀ ਗੁਜ਼ਾਰੇ ਹਨ।
ਮੋਦੀ ਨੂੰ ਇਕ ਘੁਮੰਡੀ ਵਿਅਕਤੀ ਦੱਸਦੇ ਹੋਏ ਪਿ੍ਰਯੰਕਾ ਨੇ ਕਿਹਾ ਕਿ ਇਸ ਤਰਾਂ ਦਾ ਹੰਕਾਰ ਸੌੜੀ ਮਾਨਸਿਕਤਾ ਦਾ ਨਤੀਜਾ ਹੈ।  ਉਨਾਂ ਕਿਹਾ ਕਿ ਬੀ.ਜੇ.ਪੀ. ਰਾਸ਼ਟਰਵਾਦ ਦੀ ਗੱਲ ਕਰਦੀ ਹੈ ਅਤੇ ਇਕ ਰੈਂਕ ਇਕ ਪੈਨਸ਼ਨ ਨੂੰ ਤੋਹਫਾ ਦੱਸਦੀ ਹੈ। ਪਿਯੰਕਾ ਨੇ ਰਫੇਲ ਸੌਦੇ ਦੇ ਸਬੰਧ ਵਿੱਚ ਵੀ ਮੋਦੀ ਦੀ ਤਿੱਖੀ ਆਲੋਚਨਾ ਕੀਤੀ ਜਿਸ ਦੇ ਰਾਹੀਂ ਉਹ ਇਸ ਖੇਤਰ ਦੀ ਕੋਈ ਵੀ ਤਜ਼ੁਰਬਾ ਨਾ ਰੱਖਣ ਵਾਲੀ ਇਕ ਕੰਪਨੀ ਨੂੰ ਠੇਕਾ ਦੇ ਕੇ ਦੇਸ਼ ਦਾ ਸਭ ਤੋਂ ਵੱਡਾ ਰੱਖਿਆ ਮਾਹਰ ਬਣ ਗਿਆ। ਉਹ ਇਕ ਅਜਿਹਾ ਸਭ ਤੋਂ ਵੱਡਾ ਰਾਸ਼ਟਰਵਾਦੀ ਹੈ ਜਿਸ ਕੋਲ ਆਪਣੇ ਦੇਸ਼ ਦੇ ਜਵਾਨਾਂ, ਕਿਸਾਨਾਂ ਅਤੇ ਆਮ ਲੋਕਾਂ ਦੇ ਲਈ ਕੋਈ ਵੀ ਸਮਾਂ ਨਹੀਂ ਹੈ। ਇਸ ਦੇ ਉਲਟ ਉਹ ਦੁਨੀਆ ਭਰ ਦੇ ਦੌਰਿਆਂ ’ਤੇ ਜਾਂਦਾ ਹੈ ਅਤੇ ਵਿਸ਼ਵ ਲੀਡਰਾਂ ਨੂੰ ਜੱਫੀਆਂ ਪਾਉਂਦਾ ਹੈ।
ਪਿ੍ਰਯੰਕਾ ਨੇ ਕਿਹਾ ਕਿ ਉਸ ਨੇ ਇਕ ਵਾਰ ਮੋਦੀ ਦੀ ਤਸਵੀਰ ਦੇਖੀ ਜਿਸ ਵਿੱਚ ਉਹ ਇਕ ਬੱਚੇ ਨੂੰ ਪਿਆਰ ਕਰ ਰਿਹਾ ਸੀ। ਮੈਂ ਇਹ ਸੋਚ ਕੇ ਖੁਸ਼ ਹੋਈ ਕਿ ਉਹ ਆਖਰਕਾਰ ਲੋਕਾਂ ਨੂੰ ਮਿਲ ਰਿਹਾ ਹੈ ਪਰ ਜਦੋਂ ਮੈਂ ਫੋਟੋ ਥੱਲੇ ਲਿਖੀ ਕੈਪਸ਼ਨ ਪੜੀ ਤਾਂ ਮੈਂਨੂੰ ਪਤਾ ਲੱਗਾ ਉਹ ਅਮਿਤ ਸ਼ਾਹ ਦਾ ਪੁੱਤਰ ਸੀ।
ਪਿ੍ਰਯੰਕਾ ਗਾਂਧੀ ਨੇ ਬੇਰੁਜ਼ਗਾਰੀ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦਿਆਂ ਨੂੰ ਪੂਰੇ ਨਾ ਕਰਨ ਲਈ ਮੋਦੀ ਦੀ ਤਿੱਖੀ ਆਲੋਚਨਾ ਕੀਤੀ। ਉਨਾਂ ਨੇ ਨੋਟਬੰਦੀ ਅਤੇ ਜੀ.ਐਸ.ਟੀ. ਲਈ ਵੀ ਮੋਦੀ ਨੂੰ ਲਤਾੜਿਆ।
ਇਸ ਤੋਂ ਪਹਿਲਾਂ ਚੱਕੀਪਾਲ ਚੌਂਕ ਵਿਖੇ ਸਾਬਕਾ ਫੌਜੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੀ ਜਨਰਲ ਸਕੱਤਰ ਨੇ ਕਿਹਾ ਕਿ ਉਸ ਨੂੰ ਇਹ ਸੁਣ ਕੇ ਬਹੁਤ ਦੁਖ ਹੋਇਆ ਹੈ ਕਿ ਮੋਦੀ ਅਤੇ ਉਸ ਦੀ ਭਾਰਤੀ ਜਨਤਾ ਪਾਰਟੀ ਸਾਬਕਾ ਫੌਜੀਆਂ ਨੂੰ ਇਕ ਰੈਂਕ ਇਕ ਪੈਨਸ਼ਨ ਦਾ ਤੋਹਫਾ ਦੇਣ ਦਾ ਦਾਅਵਾ ਕਰ ਰਹੇ ਹਨ। ਇਕ ਰੈਂਕ ਇਕ ਪੈਨਸ਼ਨ ਕੋਈ ਤੋਹਫਾ ਨਹੀਂ ਹੈ। ਇਹ ਉਨਾਂ ਦੇ ਬਲਿਦਾਨ ਵਾਸਤੇ ਸਾਬਕਾ ਫੌਜੀਆਂ ਦਾ ਹੱਕ ਹੈ। ਸਾਬਕਾ ਫੌਜੀਆਂ ਨੇ ਰਾਸ਼ਟਰ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਹਨ।
ਸਾਬਕਾ ਫੌਜੀਆਂ ਲਈ ਗਾਰਡੀਅਨਜ਼ ਆਫ ਗਵਰਨਰਜ਼ ਸਕੀਮ ਸ਼ੁਰੂ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਪ੍ਰਸ਼ੰਸਾ ਕਰਦਿਆਂ ਪਿ੍ਰਯੰਕਾ ਗਾਂਧੀ ਨੇ ਕਿਹਾ ਕਿ ਉਹ ਇਸ ਪ੍ਰੋਗਰਾਮ ਦੇ ਨਾਲ ਅਜੇ ਵੀ ਦੇਸ਼ ਦੀ ਸੇਵਾ ਕਰ ਰਹੇ ਹਨ। ਉਨਾਂ ਕਿਹਾ ਕਿ ਉਸ ਨੂੰ ਉਨਾਂ ਵਿਚ ਆ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਉਹ ਉਨਾਂ ਤੋਂ ਪ੍ਰੇਰਿਤ ਹੈ। ਉਨਾਂ ਉਮੀਦ ਪ੍ਰਗਟ ਕੀਤੀ ਕਿ ਉਹ ਵੀ ਉਨਾਂ ਵਾਂਗ ਦੇਸ਼ ਦੀ ਸੇਵਾ ਕਰ ਸਕਦੀ।
ਇਸ ਰੋਡ ਸ਼ੋਅ ਵਿੱਚ ਕਾਂਗਰਸੀ ਜਨਰਲ ਸਕੱਤਰ ਆਸ਼ਾ ਕੁਮਾਰੀ, ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ। ਇਸ ਰੋਡ ਸ਼ੋਅ ਨੂੰ ਲੋਕਾਂ ਦਾ ਵੱਡਾ ਹੁੰਗਾਰਾ ਮਿਲਿਆ।
ਰੋਡ ਸ਼ੋਅ ਦੇ ਰਾਹ ’ਤੇ ਮਰਦ, ਔਰਤਾਂ ਅਤੇ ਬੱਚੇ ਕਾਂਗਰਸ ਦੇ ਝੰਡੇ ਲਹਿਰਾ ਰਹੇ ਸਨ ਅਤੇ ਉਹ ਪਿ੍ਰਯੰਕਾ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਲ ਨੂੰ ਆਪਣੇ ਹੱਥ ਹਿਲਾ ਰਹੇ ਸਨ। ਛੱਤਾਂ ’ਤੇ ਪੈ ਰਿਹਾ ਭੰਗੜਾ ਉਨਾਂ ਦੇ ਉਤਸ਼ਾਹ ਦਾ ਪ੍ਰਗਟਾਵਾ ਕਰਦਾ ਸੀ। ਜਿਓਂ-ਜਿਓਂ ਕਾਫਲਾ ਅੱਗੇ ਵੱਧਦਾ ਸੀ ਛੱਤਾਂ ’ਤੇ ਖੜੇ ਲੋਕ ਉਨਾਂ ’ਤੇ ਫੁੱਲਾਂ ਦੀ ਵਰਖਾ ਕਰਦੇ ਸਨ। ਇਹ ਕਾਫਲਾ ਬਹੁਤ ਹੌਲੀ-ਹੌਲੀ ਚੱਲਦਾ ਸੀ ਕਿਉਂਕਿ ਥਾਂ-ਥਾਂ ਤੇ ਲੋਕ ਕਾਫਲੇ ਨੂੰ ਰੋਕ ਕੇ ਆਗੂਆਂ ਨੂੰ ਫੁੱਲਾਂ ਦੇ ਹਾਰ ਪੇਸ਼ ਕਰ ਰਹੇ ਸਨ ਅਤੇ ਆਪਣੇ ਮੋਬਾਈਲਾਂ ਰਾਹੀਂ ਤਸਵੀਰਾਂ ਲੈ ਰਹੇ ਸਨ।
ਪਿ੍ਰਯੰਕਾ ਅਤੇ ਮੁੱਖ ਮੰਤਰੀ ਦੀ ਖਿੱਚ ਕਾਰਨ ਔਰਤਾਂ ਦਾ ਵੱਡਾ ਇਕੱਠ ਸੀ ਜਦਕਿ ਨੌਜਵਾਨ ਮੋਦੀ ਵਿਰੁੱਧ ਨਾਰੇ ਲਾ ਰਹੇ ਸਨ। ਇਸ ਮੌਕੇ ਵੱਜ ਰਹੇ ਢੋਲ ਲੋਕਾਂ ਵਿੱਚ ਉਤਸ਼ਾਹ ਭਰ ਰਹੇ ਸਨ ਜਿਸ ਤੋਂ ਇਸ ਖੇਤਰ ਵਿੱਚ ਕਾਂਗਰਸ ਦੇ ਵੱਡੇ ਸਮਰਥਨ ਦਾ ਪ੍ਰਗਟਾਵਾ ਹੁੰਦਾ ਸੀ ਜੋ ਕਿ ਕੈਪਟਨ ਅਮਰਿੰਦਰ ਸਿੰਘ ਵੱਲੋ ਸੱਤਾ ਸੰਭਾਲਣ ਤੋਂ ਬਾਅਦ ਕੀਤੇ ਵੱਡੇ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਸਾਹਮਣੇ ਆ ਰਿਹਾ ਸੀ ਜਦਕਿ ਜਾਖੜ ਪਿਛਲੇ 18 ਮਹੀਨਿਆਂ ਤੋਂ ਹੇਠਲੇ ਪੱਧਰ ਤੋਂ ਲੋਕਾਂ ਨਾਲ ਜੁੜ ਕੇ ਕੰਮ ਰਿਹਾ ਹੈ।


   

© 2016 News Track Live - ALL RIGHTS RESERVED