ਕਾਂਗਰਸ ਦੇ ਰਾਜਭਾਗ ਦੌਰਾਨ ਹਲਕੇ ਦਾ ਵਿਨਾਸ਼ ਹੋਇਆ

May 17 2019 04:04 PM
ਕਾਂਗਰਸ ਦੇ ਰਾਜਭਾਗ ਦੌਰਾਨ ਹਲਕੇ ਦਾ ਵਿਨਾਸ਼ ਹੋਇਆ

ਭੋਆ

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ-ਅਕਾਲੀ ਦਲ ਗਠਜੋੜ ਦੇ ਉਮੀਦਵਾਰ ਸਨੀ ਦਿਓਲ ਨੇ ਕਿਹਾ ਕਿ ਉਹ ਸ਼ਰਾਫਤ ਭਰੀ ਸਿਆਸਤ ਨਾਲ ਹੀ ਲੋਕਾਂ ਦੀ ਸੇਵਾ ਕਰਨਗੇ। ਅੱਜ ਵਿਧਾਨ ਸਭਾ ਹਲਕਾ ਭੋਆ, ਕਾਦੀਆਂ ਅਤੇ ਦੀਨਾਨਗਰ ਦੇ ਵੱਖ ਵੱਖ ਪਿੰਡਾਂ ਵਿਚ ਕੀਤੀਆਂ ਨੁੱਕੜ ਮੀਟਿੰਗਾਂ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਿ ਕੋਈ ਉਨ੍ਹਾਂ ਬਾਰੇ ਕੀ ਬੋਲਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਮਸਤ ਚਾਲ ਚੱਲਦੇ ਹੋਏ ਆਪਣੀਆਂ ਜਿੰਮੇਦਾਰੀਆਂ ਨੂੰ ਮੁਕੰਮਲ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਇੱਥੇ ਲੋਕਾਂ ਦੀ ਸੇਵਾ ਕਰਨ ਲਈ ਚੋਣ ਮੈਦਾਨ ਵਿਚ ਨਿਤਰੇ ਹਨ ਨਾ ਕਿ ਕਿਸੇ ਬੇਲੋੜੇ ਮੁੱਦਿਆਂ 'ਤੇ ਸਮਾਂ ਖਰਾਬ ਕਰਨ ਲਈ। ਉਨ੍ਹਾਂ ਕਿਹਾ ਕਿ ਉਨ੍ਹਾਂ ਹਲਕੇ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਹੋਏ ਕਥਿਤ ਵਿਕਾਸ ਦੀਆਂ ਸਾਫ ਤਸਵੀਰਾਂ ਦੇਖੀਆਂ ਹਨ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਪਹਿਲਾਂ ਚੁਣੇ ਗਏ ਲੋਕ ਨੁਮਾਇੰਦਿਆਂ ਨੇ ਆਪਣੀਆਂ ਜ਼ਿੰਮੇਦਾਰੀ ਕਿੰਨੀਂ ਕੁ ਤਨਦੇਹੀ ਨਾਲ ਨਿਭਾਈਆਂ ਹਨ।

ਇਸ ਮੌਕੇ ਬੋਲਦਿਆਂ ਹਲਕਾ ਭੋਆ ਦੀ ਸਾਬਕਾ ਵਿਧਾਇਕ ਸੀਮਾ ਕੁਮਾਰੀ ਨੇ ਕਿਹਾ ਕਿ ਕਾਂਗਰਸ ਦੇ ਰਾਜਭਾਗ ਦੌਰਾਨ ਹਲਕੇ ਦਾ ਵਿਨਾਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਦੇ ਕਾਰਨ ਸੜਕਾਂ ਦੀ ਹਾਲਤ ਪੂਰੀ ਤਰ੍ਹਾਂ ਖਸਤਾ ਹੋ ਚੁੱਕੀ ਹੈ। ਉਨ੍ਹਾਂ ਜਾਖੜ ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ਜਿਸ ਐਮਪੀ ਨੇ ਮਿਲੀ ਡੇਢ ਕਰੋੜ ਰੁਪਏ ਦੀ ਗਰਾਂਟ ਵਿੱਚੋਂ 2 ਸਾਲ ਦੌਰਾਨ ਸਿਰਫ਼ 20 ਲੱਖ ਰੁਪਏ ਹੀ ਖਰਚੇ ਹੋਣਗੇ, ਉਸਤੋਂ ਇਹ ਸਿੱਧ ਹੁੰਦਾ ਹੈ ਕਿ ਉਸਨੇ ਕਿਨ੍ਹੇਂ ਕੁ ਕੰਮ ਕਰਵਾ ਦਿੱਤੇ ਹੋਣੇ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਫੈਸਲਾ ਕਰ ਚੁੱਕੇ ਹਨ ਕਿ ਸਨੀ ਦਿਓਲ ਨੂੰ ਸ਼ਾਨਦਾਰ ਜਿੱਤ ਦਿਵਾ ਕੇ ਲੋਕਸਭਾ ਵਿਚ ਭੇਜਣਾ ਹੈ।

ਇਸ ਮੌਕੇ ਮਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਇਹ ਰਵਾਇਤ ਰਹੀ ਹੈ ਕਿ ਕਿਸੇ ਵੀ ਆਗੂ ਨੇ ਘਟੀਆ ਪੱਧਰ ਦੀ ਸਿਆਸਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਗਠਜੋੜ ਦੇ ਹਰੇਕ ਆਗੂ ਵੱਲੋਂ ਵਿਕਾਸ ਕਾਰਜ ਕਰਵਾਉਣ ਅਤੇ ਲੋਕਾਂ ਦੀ ਭਲਾਈ ਲਈ ਵਿਆਪਕ ਯੋਜਨਾਵਾਂ ਉਲੀਕਣਾ ਵੀ ਆਦਤ ਹੈ, ਜਿਸ ਨੂੰ ਉਹ ਸਫਲਤਾ ਨਾਲ ਮੁਕੰਮਲ ਵੀ ਕਰਦੇ ਰਹੇ ਹਨ।

ਉਨ੍ਹਾਂ ਅੱਜ ਚੋਣ ਮੁਹਿੰਮ ਦੀ ਸ਼ੁਰੂਆਤ ਭੋਆ ਅਧੀਨ ਆਉਂਦੇ ਪਿੰਡ ਖ਼ਰਕਰਾ ਤਹੁਥੋਵਾਲ ਤੋਂ ਕੀਤੀ। ਇਸ ਮਗਰੋਂ ਉਨ੍ਹਾਂ ਦਾ ਕਾਫਿਲਾ ਪਿੰਡ ਜਨਿਆਲ, ਖੋਜਕੀ ਚੱਕ, ਮਝਿਰੀ, ਬਕਨੌਰ, ਹੈਬਤ ਪਿੰਡ, ਮਾਜਰਾ ਅਤੇ ਪਿੰਡ ਪਹਾੜੋ ਚੱਕ ਤੋਂ ਗੁਜਰਦਿਆਂ ਵਿਧਾਨ ਸਭਾ ਦੀਨਾਨਗਰ ਵਿਚ ਪਹੁੰਚਿਆ। ਦੀਨਾਨਗਰ ਵਿਚ ਪਿੰਡ ਲੋਹਗੜ੍ਹ, ਰਾਣੀ ਨਗਰ, ਬਰਿਆਰ, ਪਨਿਆੜ, ਕ੍ਰਿਸਨਾ ਕੈਂਪ, ਅਵਾਂਖਾ, ਮਰਾੜਾ ਅਤੇ ਪਿੰਡ ਕਠਿਆਲੀ ਵਿਖੇ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਨ ਮਗਰੋਂ ਕਾਦੀਆਂ ਦੇ ਪੋਸਟ ਆਫਿਸ ਚੌਕ ਅਤੇ ਧਾਰੀਵਾਲ ਵਿਚ ਮਿਲ ਗੇਟ ਅੱਗੇ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਹੋਰਨ੍ਹਾਂ ਤੋਂ ਇਲਾਵਾ ਅਕਾਲੀ-ਭਾਜਪਾ ਗਠਜੋੜ ਦੇ ਸੀਨੀਅਰ ਆਹੁਦੇਦਾਰ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਵਰਕਰ ਮੌਜੂਦ ਸਨ।

© 2016 News Track Live - ALL RIGHTS RESERVED