ਜ਼ਹਿਰ ਮੁਕਤ ਬਾਸਮਤੀ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਜਿਲਾ ਪਠਾਨਕੋਟ ਅੰਦਰ ਚਲਾਈ ਜਾਵੇਗੀ ਵਿਸ਼ੇਸ ਮੂਹਿੰਮ- ਡਾ. ਹਰਤਰਨਪਾਲ ਸਿੰਘ

Jul 27 2019 01:50 PM
ਜ਼ਹਿਰ ਮੁਕਤ ਬਾਸਮਤੀ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਜਿਲਾ ਪਠਾਨਕੋਟ ਅੰਦਰ ਚਲਾਈ ਜਾਵੇਗੀ ਵਿਸ਼ੇਸ ਮੂਹਿੰਮ- ਡਾ. ਹਰਤਰਨਪਾਲ ਸਿੰਘ



  

ਪਠਾਨਕੋਟ

ਸਕੱਤਰ ਖੇਤੀਬਾੜੀ ਪੰਜਾਬ ਸਰਕਾਰ ਸ. ਕਾਹਨ ਸਿੰਘ ਪੰਨੂ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਡਾ. ਸੁਤੰਤਰ ਕੁਮਾਰ ਐਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲਾ ਪਠਾਨਕੋਟ ਵਿੱਚ ਹੋ ਰਹੇ ਖੇਤੀ ਕਾਰਜਾਂ ਦੀ ਸਮੀਖਿਆ ਲਈ ਸਥਾਨਕ ਜ਼ਿਲਾ ਪ੍ਰਬੰਧੀ ਕੰਪਲੈਕਸ ਵਿੱਚ ਦਫਤਰ ਮੁੱਖ ਖੇਤੀਬਾੜੀ ਅਫਸਰ ਵਿਖੇ ਮਹੀਨਾਵਾਰ ਮੀਟਿੰਗ ਡਾ.ਹਰਤਰਨਪਾਲ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਡਾ.ਅਮਰੀਕ ਸਿੰਘ, ਡਾ. ਹਰਿੰਦਰ ਸਿੰਘ ਬੈਂਸ , ਡਾ. ਰਜਿੰਦਰ ਕੁਮਾਰ ਖੇਤੀਬਾੜੀ ਅਫਸਰ, ਡਾ. ਪ੍ਰਿਅੰਕਾ,ਡਾ. ਮਨਦੀਪ ਕੌਰ , ਡਾ. ਭਾਰਤ ਭੂਸ਼ਣ, ਡਾ. ਅਰਜੁਨ ਸਿੰਘ, ਡਾ. ਦੇਵ ਦੱਤ, ਡਾ. ਪ੍ਰਿਤਪਾਲ ਸਿੰਘ ਖੇਤੀ ਵਿਕਾਸ ਅਫਸਰ, ਗੁਰਦਿੱਤ ਸਿੰਘ, ਸੁਭਾਸ਼ ਚੰਦਰ, ਰਵਿੰਦਰ ਸਿੰਘ, ਜਤਿੰਦਰ ਕੁਮਾਰ ਖੇਤੀ ਵਿਸਥਾਰ ਅਫਸਰ, ਡਾ.ਵਿਕਰਾਂਤ ਧਵਨ ਡਿਪਟੀ ਪੀ ਡੀ ਆਤਮਾ ਰਾਜ ਕੁਮਾਰ ਸਮੇਤ ਸਮੁੱਚਾ ਸਟਾਫ ਹਾਜ਼ਰ ਸੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਹਰਤਰਨਪਾਲ ਸਿੰਘ ਨੇ ਕਿਹਾ ਕਿ ਜਿਲਾ ਪਠਾਨਕੋਟ ਅੰਦਰ ਕਰੀਬ 27 ਹਜਾਰ ਹੈਕਟਰ ਰਕਬੇ ਵਿੱਚ ਝੋਨੇ ਅਤੇ ਬਾਸਮਤੀ ਦੀ ਕਾਸਤ ਕੀਤੀ ਜਾਵੇਗੀ।ਉਨਾਂ ਕਿਹਾ ਕਿਹਾ  ਮਿਆਰੀ ਬਾਸਮਤੀ ਪੈਦਾ ਕਰਨ ਲਈ ਕਰੀਬ 2 ਹਜਾਰ ਹੈਕਟਰ ਰਕਬਾ ਬਾਸਮਤੀ ਹੇਠ ਲਿਆਉਣ ਦਾ ਟੀਚਾ ਮਿਥਿਆ ਗਿਆ ਜਿਸ ਨੂੰ ਅਗਲੇ ਕੁਝ ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਬਾਸਮਤੀ ਦੀ ਮਿਆਰੀ ਉਪਜ ਪੈਦਾ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਲਾ ਪਠਾਨਕੋਟ ਅੰਦਰ ਵਿਸ਼ੇਸ ਮੂਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਤਹਿਤ ਪਿੰਡ ਅਤੇ ਬਲਾਕ ਪੱਧਰੀ ਕਿਸਾਨ ਜਾਗਰੁਕਤਾ ਕੈਂਪ ਲਗਾਏ ਜਾਣਗੇ। ਉਨਾਂ ਕਿਹਾ ਕਿ ਖੇਤੀ ਸਮੱਗਰੀ ਵਿਕ੍ਰੇਤਾਵਾਂ ਨੂੰ ਇਸ ਸੰਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਕਿਸਾਨਾਂ ਨੂੰ ਸਿਫਾਰਸ਼ਸ਼ੁਦਾ ਕੀਟਨਾਸ਼ਕ ਰਸਾਇਣ ਵਰਤਣ ਨੂੰ ਪ੍ਰੇਰਿਤ ਕਰ ਸਕਣ। ਡਾ. ਹਰਤਰਨ ਪਾਲ ਸਿੰਘ ਨੇ ਕਿਹਾ ਕਿ ਜੋ ਮਿਆਰੀ ਅਤੇ ਕੀਟਨਾਸ਼ਕ ਮੁਕਤ ਬਾਸਮਤੀ ਦੀ ਪੈਦਾਵਾਰ ਲਈ ਬਾਸਮਤੀ ਦੀ ਫਸਲ ਉੱਪਰ ਤੇ ਨੌਂ ਕੀੜੇਮਾਰ ਦਵਾਈਆਂ ਜਿਵੇਂ ਐਸੀਫੇਟ, ਟਰਾਜੋਫੋਜ, ਥਾਈਮੈਥੋਕਸ 25% ਡਬਲਯੂ ਜੀ, ਕਾਰਬਨਡਾਜਿਮ 50% ਡਬਲਯੂ ਪੀ, ਟਰਾਈਕਲਾਜੋਲ 75% ਡਬਲਯੂ ਪੀ, ਬੂਪਰੋਫਿਜਿਨ, ਕਾਰਬੋਫੂਰੋਨ, ਪਰੋਪੀਕੋਨਾਜੋਲ, ਥਾਈਪਫਨੋਟ ਮਿਥਾਇਲ ਦਾ ਛਿੜਕਾਅ ਕਰਨ ਤੇ ਪੂਰਨ ਤੋਰ ਤੇ ਪਾਬੰਦੀ ਲਗਾਈ ਗਈ ਹੈ। ਉਨਾਂ ਦੱਸਿਆ ਕਿ ਅਜਿਹੀਆਂ ਦਵਾਈਆਂ ਕਰਕੇ ਵਿਸਵ ਮੰਡੀ ਵਿੱਚ ਬਾਸਮਤੀ ਦੀ ਵਿਕਰੀ ਅਤੇ ਰੇਟ ਉਪਰ ਵੀ ਅਸਰ ਪੈਂਦਾ ਹੈ। ਉਨਾਂ ਕਿਸਾਨਾਂ ਨੂ ਉਪਰੋਕਤ ਗੈਰ ਸਿਫਾਰਸ਼ਸ਼ੁਦਾ   ਕੀਟਨਾਸ਼ਕ ਦਵਾਈਆਂ ਦੀ ਬਾਸਮਤੀ ਤੇ ਸਪਰੇ ਨਾ ਕਰਨ ਦੀ ਅਪੀਲ ਕੀਤੀ । ਉਨਾਂ ਕਿਹਾ ਕਿ ਕਿਸਾਨ ਬਾਸਮਤੀ ਜਾਂ ਝੋਨੇ ਦੀ ਫਸਲ ਉੱਪਰ ਕਿਸੇ ਵੀ ਤਰਾਂ ਦੀ ਸਪਰੇ ਆਦਿ ਕਰਨ ਤੋਂ ਪਹਿਲਾਂ ਖੇਤੀ ਮਾਹਿਰਾਂ ਦੀ ਸਲਾਹ ਜਰੂਰ ਲੈਣ। ਉਨਾਂ ਸਮੂਹ ਸਟਾਫ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਕਿਸਾਨਾਂ ਨੂੰ ਬਾਸਮਤੀ ਦੀ ਫਸਲ ਉੱਪਰ ਗੈਰ ਸਿਫਾਰਸ਼ਸ਼ੁਦਾ ਕੀਟ ਨਾਸ਼ਕਾਂ ਦਾ ਛਿੜਕਾਅ ਨਾਂ ਕਰਨ ਲਈ ਵੱਖ ਵੱਖ ਪਸਾਰ ਮਾਧਿਅਮ ਰਾਹੀਂ ਪ੍ਰੇਰਿਤ ਕਰਨ।ਉਨਾਂ ਕਿਹਾ ਕਿ ਅਗਰ ਕਿਸਾਨ ਵਿਭਾਗੀ ਸਲਾਹ ਨਾਲ ਫਸਲ ਦੀ ਪੈਦਾਵਾਰ ਕਰਦੇ ਹਨ ਤਾਂ ਇਸ ਨਾਲ ਜਿੱਥੇ ਕਿਸਾਨਾਂ ਦੀ ਅਮਦਨ ਵਿੱਚ ਵਾਧਾ ਹੋਵੇਗਾ ਉੱਥੇ ਹੀ ਵਿਸ਼ਵ ਮੰਡੀ ਵਿੱਚ ਵੀ ਬਾਸਮਤੀ ਦੀ ਮੰਗ ਵਧੇਗੀ। ਉਨਾਂ ਕਿਹਾ ਕਿ ਬਾਸਮਤੀ ਕਾਸਤਕਾਰਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪੰਜੀਕ੍ਰਿਤ ਕੀਤਾ ਜਾ ਰਿਹਾ ਤਾਂ ਜੋ ਬਾਸਮਤੀ ਦਾ ਸੁੱਚੱਜਾ ਮੰਡੀਕਰਨ ਦਾ ਪ੍ਰਬੰਧ ਕੀਤਾ ਜਾ ਸਕੇ।

© 2016 News Track Live - ALL RIGHTS RESERVED