ਮਿਆਰੀ ਬਾਸਮਤੀ ਪੈਦਾ ਕਰਨ ਲਈ ਗੈਰਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਨਾਂ ਕੀਤਾ ਜਾਵੇ: ਡਾ. ਹਰਤਰਨਪਾਲ ਸਿੰਘ ਸੈਣੀ

Aug 07 2019 02:06 PM
ਮਿਆਰੀ ਬਾਸਮਤੀ ਪੈਦਾ ਕਰਨ ਲਈ ਗੈਰਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਨਾਂ ਕੀਤਾ ਜਾਵੇ: ਡਾ. ਹਰਤਰਨਪਾਲ ਸਿੰਘ ਸੈਣੀ


ਪਠਾਨਕੋਟ
ਪੰਜਾਬ ਸਰਕਾਰ ਵੱਲੋਂ  ਸਥਾਪਤ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਕੱਤਰ ਖੇਤੀਬਾੜੀ ਸ. ਕਾਹਨ ਸਿੰਘ ਪੰਨੂ ਅਤੇ ਡਾਇਰੈਕਟਰ ਖੇਤੀਬਾੜੀ ਡਾ. ਸੁਤੰਤਰ ਕੁਮਾਰ ਐਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫਾਰਮ ਮਸ਼ੀਨਰੀ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਰਸਾਇਣ ਮੁਕਤ ਬਾਸਮਤੀ ਪੈਦਾ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਲਦਪਾਲਵਾਂ ਵਿੱਚ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ,ਜਿਸ ਦੀ ਪ੍ਰਧਾਨਗੀ ਡਾ.ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕੀਤੀ।ਸ਼੍ਰੀ ਸੁਭਾਸ਼ ਚੰਦਰ ਦੇ ਪ੍ਰਬੰਧਾਂ ਹੇਠ ਲਗਾਏ ਜਾਗਰੁਕਤਾ ਕੈਂਪ ਮੌਕੇ ਡਾ. ਹਰਿੰਦਰ ਸਿੰਘ, ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਡਾ. ਰਾਜਨ ਸੇਠ, ਸ੍ਰੀ ਗੁਰਦਿੱਤ ਸਿੰਘ, ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ, ਮਨਜੀਤ ਕੌਰ ਖੇਤੀ ਉਪ ਨਿਰੀਖਕ,ਸੀਨੀਅਰ ਤਕਨੀਸ਼ਨ ਰਾਜ ਕੁਮਾਰ,ਅਮਰਜੀਤ ਪਾਲ ਸਾਬਕਾ ਬੀ ਡੀ ਪੀ ਓ,ਬਲਵਿੰਦਰ ਸਿੰਘ,ਮਨਦੀਪ ਹੰਸ ਸਹਾਇਕ ਤਕਨਾਲੋਜੀ ਪ੍ਰਬੰਧਕ,ਸਰਪੰਚ ਧਰਮਿੰਦਰ ਸਿੰਘ,ਗੁਰਦੀਪ ਸਿੰਘ ਨਾਜੋਵਾਲ  ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
 ਕਿਸਾਨਾਂ ਅਤੇ ਖੇਤੀ ਸਮੱਗਰੀ ਵਿਕ੍ਰੇਤਾਵਾਂ ਨੂੰ ਸੰਬੋਧਨ ਕਰਦਿਆਂ ਡਾ. ਹਰਤਰਨਪਾਲ ਸਿੰਘ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਦਾ ਮੁੱਖ ਮਕਸਦ ਬਲਾਕ ਪਠਾਨਕੋਟ ਦੇ ਕਿਸਾਨਾਂ ਨੂੰ ਉੱਚ ਮਿਆਰੀ ਅਤੇ ਸਹੀ ਮਿਕਦਾਰ ਵਿੱਚ ਰਸਾਇਣਕ ਖਾਦਾਂ ,ਖੇਤੀ ਰਸਾਇਣਾਂ ਅਤੇ ਉੱਚ ਗੁਣਵੱਤਾ ਦੇ ਬੀਜ ਉਪਲਬਧ ਕਰਵਾਉਣਾ ਹੈ ਤਾਂ ਜੋ ਆਮ ਨਾਗਰਿਕਾਂ ਨੂੰ ਸਾਫ ਪਾਣੀ,ਸ਼ੁੱਧ ਭੋਜਣ ਅਤੇ ਸ਼ੁੱਧ ਹਵਾ ਯਕੀਨੀ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਗੈਰ-ਮਿਆਰੀ ਬੀਜ, ਕੀਟਨਾਸ਼ਕ ਅਤੇ ਖਾਦਾਂ ਦੀ ਵਿਕਰੀ ਰੋਕਣ ਦੇ ਉਦੇਸ਼ ਨਾਲ ਮੋਬਾਈਲ ਹਲੈਪ ਲਾਈਨ ਨੰਬਰ 84373-12288 ਸਥਾਪਤ ਕੀਤੀ ਹੈ। ਉਨਾਂ ਕਿਹਾ ਕਿ ਬਾਸਮਤੀ ਦੀ ਫਸਲ ਵਿੱਚ ਕਾਲੇ ਤੇਲੇ ਦੀ ਰੋਕਥਾਮ ਲਈ ਕਦੇ ਵੀ ਸਿੰਥੈਟਿਕ ਪੈਰਥਰਾਇਡ  ਕੀਟਨਾਸ਼ਕ ਦਾ ਛਿੜਕਾਅ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਕੀਟਨਾਸ਼ਕ ਕਾਲੇ ਤੇਲੇ ਦੀ ਰੋਕਥਾਮ ਕਰਨ ਦੀ ਬਿਜਾਏ, ਉਸ ਦੀ ਗਿਣਤੀ  ਵਿੱਚ  ਵਾਧਾ  ਕਰਨ  ਵਿੱਚ  ਸਹਾਈ  ਹੁੰਦੀਆਂ ਹਨ। ਉਨਾਂ ਕਿਹਾ ਕਿ ਬਾਸਮਤੀ  ਦੀ  ਬਰਾਮਦ  ਨੂੰ ਉਤਸਾਹਿਤ ਕਰਨ ਲਈ ਐਸੀਫੇਟ, ਕਾਰਬੈਂਡਾਜ਼ਿਮ, ਥਾਈਮੀਥੋਕਸਮ, ਟਰਾਈਐਜੋਫਾਸ,  ਬੂਪਰੋਫੈਜਿਨ,  ਕਾਰਬੂਫੂਰੋਨ, ਪ੍ਰੋਪੀਕੋਨਾਜ਼ੋਲ,
ਥਾਇਆਫਨੇਟ ਮੀਥਾਈਲ ਅਤੇ ਟ੍ਰਾਈਸਾਈਕਲਾਜ਼ੋਲ ਦੀ  ਵਰਤੋਂ ਬਾਸਮਤੀ ਦੀ ਫਸਲ ਉੱਪਰ ਵਰਤੋਂ ਨਹੀ ਕਰਨੀ ਚਾਹੀਦੀ।ਉਨਾਂ ਕਿਸਾਨਾਂ ਨੂੰ ਖੇਤੀ ਲਾਗਤ ਖਰਚਾ ਘਟਾਉਣ ਲਈ ਘਰੇਲੂ ਬਗੀਚੀ ਵਿੱਚ ਘਰੇਲੂ ਜ਼ਰੂਰਤਾਂ ਅਨੁਸਾਰ ਸਬਜੀਆਂ ਦਾਲਾਂ ਤੇਲ ਬੀਜ ਫਸਲਾਂ ਉਗਾਉਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਖੇਤੀ ਮਸ਼ੀਨਰੀ ਸਬਸਿਡੀ ਤੇ ਖ੍ਰੀਦਣ ਲਈ ਕਿਸਾਨ ਸਮੂਹ ਬਣਾ ਕੇ 7 ਅਗਸਤ ਤੱਕ ਬਿਨੈ ਪੱਤਰ ਦੇ ਸਕਦੇ ਹਨ।
ਡਾ.ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਵਿੱਚ ਆ ਰਹੀ ਜ਼ਿੰਕ ਦੀ ਘਾਟ ਬਾਰੇ ਤਕਨੀਕੀ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਖੇਤਾਂ ਵਿੱਚ ਲਗਾਤਾਰ ਪਾਣੀ ਖੜਾ ਰੱਖਣ ਦੀ ਬਿਜਾਏ ਪਹਿਲੇ ਲੱਗੇ ਪਾਣੀ ਦੇ ਸੁੱਕਣ ਤੋਂ ਬਾਅਦ ਹੀ ਪਾਣੀ ਲਗਾਇਆ ਜਾਵੇ। ਉਨ•ਾਂ ਕਿਹਾ ਕਿ ਜਿੰਨਾਂ ਖੇਤਾਂ ਵਿੱਚ ਜ਼ਿੰਕ ਦੀ ਘਾਟ ਆ ਰਹੀ ਹੈ ,ਉਥੇ 6.5 ਕਿਲੋ ਜ਼ਿੰਕ ਸਲਫੇਟ 33% ਪ੍ਰਤੀ ਏਕੜ ਦਾ ਛੱਟਾ ਦੇ ਕੇ ਪਾ ਦੇਣੀ ਚਾਹੀਦੀ ਹੈ। ਡਾ. ਮਨਦੀਪ ਕੌਰ ਨੇ ਕਿਹਾ ਕਿ ਅਗੇਤੀ ਲਗਾਈ ਗਈ ਬਾਸਮਤੀ 1121 ਵਿੱਚ ਪੈਰਾਂ ਦੇ ਗਲਣ ਦੇ ਰੋਗ ਦਾ ਹਮਲਾ ਦੇਖਣ ਨੂੰ ਮਿਲਿਆ ਹੈ ਉਨ•ਾਂ ਕਿਹਾ ਕਿ ਇਸ ਰੋਗ ਦੀ ਰੋਕਥਾਮ ਲਈ ਇਸ ਸਮੇਂ ਕੋਈ ਉੱਲੀਨਾਸ਼ਕ ਦੇ ਛਿੜਕਾਅ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ । ਉਨਾਂ ਕਿਹਾ ਕਿ ਇਸ ਰੋਗ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਪ੍ਰਭਾਵਤ ਬੂਟੇ ਖੇਤ ਵਿੱਚੋਂ ਜੜਾਂ ਸਮੇਤ ਪੁੱਟ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ। ਸ਼੍ਰੀ ਰਾਜਨ ਸੇਠ ਨੇ ਕਿਹਾ ਕਿ ਜੇਕਰ ਬਾਸਮਤੀ ਦੀ ਫਸਲ ਵਿੱਚ ਪੱਤਾ ਲਪੇਟ ਸੁੰਡੀ ਜਾਂ ਤਣੇ ਦੇ ਗੜੂੰਏ ਦਾ ਹਮਲਾ ਆਰਥਿਕ ਕਗਾਰ ਦੇ ਪੱਧਰ ਨੂੰ ਪਾਰ ਕਰਦਾ ਹੈ ਤਾਂ 60 ਮਿਲੀ ਲਿਟਰ ਕੋਰਾਜਨ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕੀਤਾ ਜਾ ਸਕਦਾ ਹੈ। ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ ਨੇ ਅਖੀਰ ਵਿੱਚ ਖੇਤੀ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।   

 

© 2016 News Track Live - ALL RIGHTS RESERVED