ਪੰਜਾਬ ਵਿਚ ਆਉਣ ਜਾਣ ਵਾਲੇ ਵਾਹਨਾਂ ਦੀ ਪੁਲਿਸ ਵਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਚੈਕਿੰਗ ਨਹੀਂ

Sep 30 2019 01:35 PM
ਪੰਜਾਬ ਵਿਚ ਆਉਣ ਜਾਣ ਵਾਲੇ ਵਾਹਨਾਂ ਦੀ ਪੁਲਿਸ ਵਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਚੈਕਿੰਗ ਨਹੀਂ

ਮਾਧੋਪੁਰ

ਸੁਰੱਖਿਆ ਏਜੰਸੀਆਂ ਵਲੋਂ ਮਿਲੀ ਜਾਣਕਾਰੀ ਤੋਂ ਬਾਅਦ ਬੇਸ਼ੱਕ ਜ਼ਿਲੇ੍ਹ ਪਠਾਨਕੋਟ ਅੰਦਰ ਸੁਰੱਖਿਆ ਪ੍ਰਬੰਧਾਂ ਨੰੂ ਲੈ ਕੇ ਪੁਲਿਸ ਵਲੋਂ ਪੁਖ਼ਤਾ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ | ਪੁਲਿਸ ਵਲੋਂ ਜ਼ਿਲੇ੍ਹ ਪਠਾਨਕੋਟ ਅੰਦਰ 40 ਤੋਂ 45 ਚੈਕਿੰਗ ਨਾਕੇ ਲਗਾ ਕੇ ਹਰ ਆਉਣ ਜਾਣ ਵਾਲੇ ਵਾਹਨਾਂ ਅਤੇ ਲੋਕਾਂ ਦੀ ਛਾਣਬੀਣ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਜੰਮੂ-ਕਸ਼ਮੀਰ ਤੋਂ ਪੰਜਾਬ ਵਿਚ ਆਉਣ ਜਾਣ ਵਾਲੇ ਵਾਹਨਾਂ ਦੀ ਪੁਲਿਸ ਵਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਚੈਕਿੰਗ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕੋਈ ਵੀ ਪੰਜਾਬ 'ਚ ਸ਼ਰਾਰਤੀ ਅਨਸਰ ਆਸਾਨੀ ਨਾਲ ਪ੍ਰਵੇਸ਼ ਕਰ ਸਕਦਾ ਹੈ | ਬੇਸ਼ੱਕ ਹਾਈ ਅਲਰਟ ਦੇ ਚੱਲਦੇ 24 ਘੰਟੇ ਮਾਧੋਪੁਰ ਪੁਲਿਸ ਨਾਕੇ 'ਤੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਲਈ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹਨ ਪਰ ਇਹ ਮੁਲਾਜ਼ਮ ਚੈਕਿੰਗ ਉਦੋਂ ਹੀ ਕਰਦੇ ਹਨ, ਜਦੋਂ ਕੋਈ ਪੁਲਿਸ ਦਾ ਉੱਚ ਅਫ਼ਸਰ ਨਾਕੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆਉਂਦਾ ਹੈ ਜਾਂ ਫਿਰ ਮੀਡੀਆ ਨੰੂ ਦੇਖ ਕੇ ਚੈਕਿੰਗ ਦੇ ਨਾਂਅ 'ਤੇ ਖਾਨਾਪੂਰਤੀ ਕੀਤੀ ਜਾਂਦੀ ਹੈ | 'ਅਜੀਤ' ਦੇ ਪੱਤਰਕਾਰ ਵਲੋਂ ਇਕ ਘੰਟਾ ਨਾਕੇ ਦੇ ਕੋਲ ਬੈਠ ਕੇ ਕਵਰੇਜ ਦੌਰਾਨ ਦੇਖਿਆ ਗਿਆ ਕਿ ਪੁਲਿਸ ਕਰਮਚਾਰੀ ਨਾਕੇ 'ਤੇ ਖੜੇ੍ਹ ਹੋ ਕੇ ਡਿਊਟੀ ਦੇਣ ਦੀ ਬਜਾਏ ਇਕ ਪਾਸੇ ਹੋ ਕੇ ਕੁਰਸੀਆਂ 'ਤੇ ਬੈਠੇ ਆਰਾਮ ਫ਼ਰਮਾ ਰਹੇ ਸਨ ਪਰ ਕਿਸੇ ਵੀ ਪੁਲਿਸ ਮੁਲਾਜ਼ਮ ਵਲੋਂ ਪੰਜਾਬ 'ਚ ਆਉਣ ਜਾਣ ਵਾਲੀ ਗੱਡੀ ਦੀ ਚੈਕਿੰਗ ਨਹੀਂ ਕੀਤੀ ਗਈ | ਮੌਕੇ 'ਤੇ ਇਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਜਦੋਂ ਉੱਚ ਅਧਿਕਾਰੀਆਂ ਦੇ ਚੈਕਿੰਗ ਲਈ ਨਿਰਦੇਸ਼ ਆਉਂਦੇ ਹਨ, ਉਦੋਂ ਹੀ ਨਾਕੇ 'ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ | ਜ਼ਿਕਰਯੋਗ ਹੈ ਕਿ ਹਾਈ ਅਲਰਟ ਦੇ ਚੱਲਦੇ ਮਾਧੋਪੁਰ ਪੁਲਿਸ ਨਾਕਾ ਬਹੁਤ ਹੀ ਮਹੱਤਵਪੂਰਨ ਨਾਕਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਜੰਮੂ-ਕਸ਼ਮੀਰ ਤੋਂ ਪੰਜਾਬ ਵਿਚ ਦਾਖਲ ਹੋਣ ਦਾ ਇਕ ਮੁੱਖ ਰਸਤਾ ਹੈ | ਬੀਤੇ ਦਿਨੇ ਵੀ ਸੇਬਾਂ ਦੇ ਟਰੱਕ 'ਚ ਬੈਠ ਕੇ ਜਾ ਰਿਹਾ ਅੰਬਾਲਾ ਤੋਂ ਜੈਸ਼-ਏ-ਮੁਹੰਮਦ ਦੇ ਸੰਗਠਨ ਦਾ ਇਕ ਸ਼ੱਕੀ ਅੱਤਵਾਦੀ ਫੜਿਆ ਜਾਣਾ ਪੰਜਾਬ ਪੁਲਿਸ ਦੀ ਨਕਾਮੀ ਸਾਬਿਤ ਕਰਦਾ ਹੈ ਕਿ ਇਕ ਸ਼ੱਕੀ ਅੱਤਵਾਦੀ ਅੰਬਾਲਾ ਪਹੰੁਚ ਗਿਆ ਤੇ ਰਸਤੇ ਵਿਚ ਕਿਸੇ ਵੀ ਨਾਕੇ 'ਤੇੇ ਉਸ ਦੀ ਪੁੱਛਗਿੱਛ ਨਹੀਂ ਕੀਤੀ ਗਈ | ਅੰਬਾਲਾ ਪੁਲਿਸ ਵਲੋਂ ਫੜੇ ਸ਼ੱਕੀ ਅੱਤਵਾਦੀ ਨੰੂ ਜੰਮੂ-ਕਸ਼ਮੀਰ ਪੁਲਿਸ ਨੰੂ ਸੌਾਪ ਦਿੱਤਾ ਗਿਆ ਹੈ | ਜੇਕਰ ਪੰਜਾਬ ਪੁਲਿਸ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਵੇ ਤਾਂ ਕੋਈ ਵੀ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਕਰ ਸਕਦਾ ਪਰ ਪੰਜਾਬ ਪੁਲਿਸ ਉਦੋਂ ਹੀ ਹਰਕਤ ਵਿਚ ਆਉਂਦੀ ਹੈ, ਜਦੋਂ ਕੋਈ ਸ਼ਰਾਰਤੀ ਅਨਸਰ ਕਿਸੇ ਘਟਨਾ ਨੰੂ ਅੰਜਾਮ ਦੇ ਦਿੰਦਾ ਹੈ | ਅੱਜ ਲੋੜ ਹੈ ਇਕ ਅਜਿਹੀ ਪੁਲਿਸ ਦੀ ਜੋ 24 ਘੰਟੇ ਪੂਰੀ ਤਰ੍ਹਾਂ ਮੁਸ਼ਤੈਦ ਰਹੇ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰ ਸਕੇ |

 

© 2016 News Track Live - ALL RIGHTS RESERVED