94 ਖਿਡਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਐਵਾਰਡ

Mar 04 2019 04:03 PM
94 ਖਿਡਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਐਵਾਰਡ

ਚੰਡੀਗੜ੍ਹ:

ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਸੂਚੀ ਜਾਰੀ ਕਰ ਦਿੱਤੀ ਹੈ। ਓਲੰਪੀਅਨ ਮਨਦੀਪ ਕੌਰ ਤੇ ਕੌਮਾਂਤਰੀ ਸਾਈਕਲਿਸਟ ਜਗਦੀਪ ਸਿੰਘ ਕਾਹਲੋਂ ਸਮੇਤ ਕੁੱਲ 94 ਖਿਡਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਇਹ ਐਵਾਰਡ ਦਿੱਤਾ ਜਾਵੇਗਾ। ਲੰਮੇ ਸਮੇਂ ਤੋਂ ਖਿਡਾਰੀ ਇਸ ਐਵਾਰਡ ਦਾ ਇੰਤਜ਼ਾਰ ਕਰ ਰਹੇ ਸਨ। ਜਾਣਕਾਰੀ ਮੁਤਾਬਕ ਵੋਟਾਂ ਤੋਂ ਬਾਅਦ ਐਵਾਰਡ ਮਿਲਣ ਦੀ ਸੰਭਾਵਨਾ ਹੈ।
ਇਸ ਸੂਚੀ ਵਿਚ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਸਾਬਕਾ ਭਾਰਤੀ ਹਾਕੀ ਟੀਮ ਦੇ ਕਪਤਾਨ ਰਾਜਪਾਲ ਸਿੰਘ, ਅਥਲੀਟ ਨਵਜੀਤ ਢਿੱਲੋਂ, ਰੋਅਰ ਸਵਰਨ ਸਿੰਘ ਵਿਰਕ, ਅਥਲੀਟ ਅਰਪਿੰਦਰ ਸਿੰਘ, ਸ਼ੂਟਰ ਹੀਨਾ ਸਿੱਧੂ ਅਤੇ ਹਾਕੀ ਖਿਡਾਰਨ ਗੁਰਜੀਤ ਕੌਰ ਦਾ ਨਾਂ ਸ਼ਾਮਿਲ ਹੈ।
ਪੰਜਾਬ ਨਾਲ ਸਬੰਧਤ 2011 ਤੋਂ ਲੈ ਕੇ 2018 ਤਕ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਖਿਡਾਰੀ ਅਤੇ ਜਿਨ੍ਹਾਂ ਖਿਡਾਰੀਆਂ ਨੂੰ ਇਸ ਦੌਰਾਨ ਪਦਮ ਸ੍ਰੀ, ਅਰਜੁਨਾ ਐਵਾਰਡ ਤੇ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਮਿਲਿਆ ਹੈ, ਉਹ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਾਪਤ ਕਰਨ ਲਈ ਸਿੱਧੇ ਤੌਰ ’ਤੇ ਯੋਗ ਹਨ।
ਪੰਜਾਬ ਨੂੰ ਖੇਡ ਅਖਾੜੇ ਵਿੱਚ ਮੁੜ ਨੰਬਰ ਇਕ ਸੂਬਾ ਬਣਾਉਣ ਨਾਲ ਖਿਡਾਰੀਆਂ ਲਈ ਚੰਗਾ ਮਾਹੌਲ ਸਿਰਜਣ ਦੇ ਟੀਚੇ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਨਵੀਂ ਖੇਡ ਨੀਤੀ ਲਾਗੂ ਕੀਤੀ ਗਈ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡਜ਼ ਸ਼ੁਰੂ ਕੀਤੇ ਗਏ।

© 2016 News Track Live - ALL RIGHTS RESERVED