ਬੱਲੇਬਾਜ਼ ਮੁਹੰਮਦ ਯੂਸਫ ਅੱਜ ਆਪਣਾ 45ਵਾਂ ਜਨਮ ਦਿਨ ਮਨਾ ਰਹੇ

Aug 28 2019 04:53 PM
ਬੱਲੇਬਾਜ਼ ਮੁਹੰਮਦ ਯੂਸਫ ਅੱਜ ਆਪਣਾ 45ਵਾਂ ਜਨਮ ਦਿਨ ਮਨਾ ਰਹੇ

ਨਵੀਂ ਦਿੱਲੀ:

ਪਾਕਿਸਤਾਨ ਦੇ ਦਿੱਗਜ ਬੱਲੇਬਾਜ਼ ਮੁਹੰਮਦ ਯੂਸਫ ਅੱਜ ਆਪਣਾ 45ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਪਾਕਿਸਤਾਨੀ ਬੱਲੇਬਾਜ਼ ਦੇ ਨਾਂ ਦੋ ਅਜਿਹੇ ਵਿਸ਼ਵ ਰਿਕਾਰਡ ਹਨ, ਜੋ ਅਜੇ ਵੀ ਅਟੁੱਟ ਹਨ। ਇਥੋਂ ਤਕ ਕਿ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ, ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਵਿਵ ਰਿਚਰਡਸ ਤੇ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਵੀ ਇਸ ਰਿਕਾਰਡ ਤੋਂ ਕਾਫੀ ਪਿੱਛੇ ਹਨ।
ਲਾਹੌਰ ਵਿੱਚ 27 ਅਗਸਤ 1974 ਨੂੰ ਜਨਮੇ ਸੱਜੇ ਹੱਥ ਦੇ ਬੱਲੇਬਾਜ਼ ਮੁਹੰਮਦ ਯੂਸਫ ਨੇ ਲੰਬੇ ਸਮੇਂ ਤੋਂ ਪਾਕਿਸਤਾਨ ਦੀ ਟੀਮ ਲਈ ਕ੍ਰਿਕੇਟ ਖੇਡਿਆ। 1998 ਵਿੱਚ ਕੌਮਾਂਤਰੀ ਕ੍ਰਿਕੇਟ ਵਿੱਚ ਡੈਬਿਊ ਕਰਨ ਵਾਲੇ ਮੁਹੰਮਦ ਯੂਸਫ਼ ਨੇ 2010 ਤਕ ਅੰਤਰਰਾਸ਼ਟਰੀ ਕ੍ਰਿਕੇਟ ਖੇਡਿਆ। ਇਸ ਦੌਰਾਨ ਉਨ੍ਹਾਂ ਪਾਕਿਸਤਾਨ ਦੀ ਟੀਮ ਲਈ ਕਈ ਰਿਕਾਰਡ ਬਣਾਏ। ਇਥੋਂ ਤਕ ਕਿ ਇੱਕ ਵਿਸ਼ਵ ਰਿਕਾਰਡ ਅਜੇ ਵੀ ਅਟੁੱਟ ਹੈ, ਜਿਸ ਦੇ ਆਸਪਾਸ ਵੀ ਇਸ ਸਮੇਂ ਕੋਈ ਬੱਲੇਬਾਜ਼ ਨਹੀਂ।
ਮੁਹੰਮਦ ਯੂਸਫ਼ ਨੂੰ ਯੂਸਫ਼ ਯੋਹਾਨਾ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਯੂਸਫ ਨੇ ਸਾਲ 2006 ਵਿੱਚ ਪਾਕਿਸਤਾਨੀ ਟੀਮ ਲਈ ਟੈਸਟ ਮੈਚਾਂ ਵਿੱਚ 9 ਸੈਂਕੜੇ ਲਾਏ। ਇਸ ਤੋਂ ਇਲਾਵਾ ਇੱਕ ਟੈਸਟ ਕੈਲੰਡਰ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਵੀ ਮੁਹੰਮਦ ਯੂਸਫ ਦੇ ਨਾਂ ਹੈ। ਮੁਹੰਮਦ ਯੂਸਫ ਨੇ 2006 ਵਿੱਚ ਹੀ 11 ਟੈਸਟ ਮੈਚਾਂ ਦੀਆਂ 19 ਪਾਰੀਆਂ ਵਿੱਚ 1788 ਦੌੜਾਂ ਬਣਾਈਆਂ, ਜਿਸ ਵਿੱਚ 9 ਸੈਂਕੜੇ ਤੇ 3 ਅਰਧ-ਸੈਂਕੜੇ ਦੇ ਨਾਲ-ਨਾਲ ਇੱਕ ਦੋਹਰਾ ਸੈਂਕੜਾ ਵੀ ਸ਼ਾਮਲ ਹੈ।
ਮੁਹੰਮਦ ਯੂਸਫ ਤੋਂ ਪਹਿਲਾਂ ਵੈਸਟਇੰਡੀਜ਼ ਦੇ ਵਿਵ ਰਿਚਰਡਜ਼ ਦੇ ਨਾਂ ਇੱਕ ਟੈਸਟ ਕੈਲੰਡਰ ਈਅਰ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਸੀ। ਵਿਵ ਰਿਚਰਡਸ ਨੇ 1976 ਵਿੱਚ 11 ਮੈਚਾਂ ਦੀਆਂ 19 ਪਾਰੀਆਂ ਵਿਚ 1710 ਦੌੜਾਂ ਬਣਾਈਆਂ ਸੀ, ਜਿਸ ਵਿੱਚ ਦੋ ਦੋਹਰੇ ਸੈਂਕੜੇ ਨਾਲ 7 ਸੈਂਕੜੇ ਤੇ 5 ਅਰਧ-ਸੈਂਕੜੇ ਸ਼ਾਮਲ ਸਨ। ਉਨ੍ਹਾਂ ਤੋਂ ਬਾਅਦ ਤੀਜੇ ਨੰਬਰ 'ਤੇ ਦੱਖਣੀ ਅਫਰੀਕਾ ਦੇ ਗ੍ਰੀਮ ਸਮਿਥ ਦਾ ਨਾਂ ਹੈ, ਜਿਨ੍ਹਾਂ 15 ਮੈਚਾਂ ਵਿੱਚ 6 ਸੈਂਕੜੇ ਸਮੇਤ 1656 ਦੌੜਾਂ ਬਣਾਈਆਂ।

© 2016 News Track Live - ALL RIGHTS RESERVED