ਕੈਨੇਡਾ 'ਚ ਪੰਜਾਬੀ ਲੋਕਾਂ ਦੀ ਬਹੁਤਾਤ ਵਾਲੇ ਇਲਾਕੇ ਸਰੀ ਦੀ ਲਾਪਤਾ ਪੰਜਾਬਣ ਦੀ ਲਾਸ਼ ਬਰਾਮਦ

Feb 22 2019 01:03 PM
ਕੈਨੇਡਾ 'ਚ ਪੰਜਾਬੀ ਲੋਕਾਂ ਦੀ ਬਹੁਤਾਤ ਵਾਲੇ ਇਲਾਕੇ ਸਰੀ ਦੀ ਲਾਪਤਾ ਪੰਜਾਬਣ ਦੀ ਲਾਸ਼ ਬਰਾਮਦ

ਵੈਨਕੂਵਰ:

ਕੈਨੇਡਾ 'ਚ ਪੰਜਾਬੀ ਲੋਕਾਂ ਦੀ ਬਹੁਤਾਤ ਵਾਲੇ ਇਲਾਕੇ ਸਰੀ ਦੀ ਲਾਪਤਾ ਪੰਜਾਬਣ ਦੀ ਲਾਸ਼ ਬਰਾਮਦ ਹੋਈ ਹੈ। ਔਰਤ ਦੀ ਮੌਤ ਨੂੰ ਕਤਲ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਮਹਿਲਾ ਬੀਤੇ ਮਹੀਨੇ ਲਾਪਤਾ ਹੋ ਗਈ ਸੀ। ਮਹਿਲਾ ਦੀ ਭਾਲ ਕੀਤੀ ਜਾ ਰਹੀ ਸੀ, ਪਰ ਇਸ ਭਾਲ ਦਾ ਦੁਖਦ ਅੰਤ ਹੋਇਆ ਹੈ।
ਮ੍ਰਿਤਕਾ ਦਾ ਨਾਂਅ ਰਾਜਵਿੰਦਰ ਬੈਂਸ ਹੈ ਤੇ ਉਨ੍ਹਾਂ ਦੀ ਉਮਰ 38 ਸਾਲ ਸੀ। ਇੰਟੇਗ੍ਰੇਟਿਡ ਹੋਮਿਸਾਈਡ ਇੰਵੈਸਟੀਗੇਸ਼ਨ ਟੀਮ ਦਾ ਕਹਿਣਾ ਸੀ ਕਿ ਰਾਜਵਿੰਦਰ ਬੈਂਸ ਨੂੰ ਆਖਰੀ ਵਾਰ ਸਰੀ ਦੇ 152 ਸਟ੍ਰੀਟ ਅਤੇ 56 ਐਵੀਨਿਊ ਕੋਲ ਸਥਿਤ ਟੀ.ਡੀ. ਕੈਨੇਡਾ ਟਰੱਸਟ ਬੈਂਕ ਵਿੱਚੋਂ ਬੀਤੀ ਸੱਤ ਜਨਵਰੀ ਨੂੰ ਸਵੇਰੇ ਕਰੀਬ 9.30 ਵਜੇ ਨਿੱਕਲਦੇ ਵੇਖਿਆ ਗਿਆ ਸੀ। ਉਸ ਦੀ ਤਸਵੀਰ ਸਿਕਿਉਰਿਟੀ ਕੈਮਰਾ ਵਿੱਚ ਕੈਦ ਹੋ ਗਈ ਸੀ।
ਬੈਂਸ ਦੇ ਲਾਪਤਾ ਹੋਣ ਬਾਰੇ 23 ਜਨਵਰੀ ਨੂੰ ਰਿਪੋਰਟ ਕਰਵਾਈ ਗਈ ਸੀ। IHIT ਨੇ ਦੱਸਿਆ ਹੈ ਕਿ ਬੈਂਸ ਦੀ ਲਾਸ਼ ਮਿਲ ਗਈ ਹੈ, ਅਤੇ ਇਸ ਨੂੰ ਕਤਲ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਇਹ ਨਹੀਂ ਦੱਸਿਆ ਗਿਆ ਕਿ ਮਹਿਲਾ ਦਾ ਮ੍ਰਿਤ ਸ਼ਰੀਰ ਕਦੋਂ ਤੇ ਕਿੱਥੇ ਮਿਲਿਆ।
ਮਹਿਲਾ ਦੇ ਲਾਪਤਾ ਹੋਣ ਬਾਰੇ ਪੁਲਿਸ ਨੇ ਮਾਮਲਾ ਰਿਪੋਰਟ ਹੋਣ ਤੋਂ ਦੋ ਦਿਨ ਬਾਅਦ ਐਲਰਟ ਜਾਰੀ ਕੀਤਾ ਸੀ। ਉਸ ਵੇਲੇ ਆਖਿਆ ਜਾ ਰਿਹਾ ਸੀ ਕਿ ਬੈਂਸ ਇੱਕ ਹੋਰ ਮਹਿਲਾ ਨਾਲ ਐਲਬਰਟਾ ਵੱਲ ਗਈ ਹੋ ਸਕਦੀ ਹੈ। ਉਸ ਵੇਲੇ ਮਾਊਂਟੀਸ ਨੇ ਇਹ ਵੀ ਆਖਿਆ ਸੀ ਕਿ ਬੈਂਸ ਦਾ ਇੰਨਾ ਸਮਾਂ ਸੰਪਰਕ ਵਿੱਚ ਨਾ ਰਹਿਣਾ ਸੁਭਾਵਿਕ ਨਹੀਂ ਹੈ। ਜਾਂਚ ਅਧਿਕਾਰੀ ਮਾਮਲੇ ਦੀ ਪੜਤਾਲ ਵਿੱਚ ਜੁਟੇ ਹੋਏ ਹਨ।

© 2016 News Track Live - ALL RIGHTS RESERVED