ਬਾਗੀਆਂ ਅੰਦਰ ਵੀ ਬਾਗੀ ਸੁਰਾਂ ਉੱਭਰ ਰਹੀਆਂ

Dec 18 2018 03:04 PM
ਬਾਗੀਆਂ ਅੰਦਰ ਵੀ ਬਾਗੀ ਸੁਰਾਂ ਉੱਭਰ ਰਹੀਆਂ

ਚੰਡੀਗੜ੍ਹ:

ਆਮ ਆਦਮੀ ਪਾਰਟੀ ਦੇ ਬਾਗੀਆਂ ਅੰਦਰ ਵੀ ਬਾਗੀ ਸੁਰਾਂ ਉੱਭਰ ਰਹੀਆਂ ਹਨ। ਪੰਜਾਬ ਵਿੱਚ ਸਿਆਸੀ ਜ਼ਮੀਨ ਤਲਾਸ਼ਣ ਲਈ ਤਾਜ਼ਾ-ਤਾਜ਼ਾ ਬਣੇ ਪੰਜਾਬ ਡੈਮੋਕ੍ਰੈਟਿਕ ਐਲਾਇੰਸ (ਪੀਡੀਏ) ਦੇ ਲੀਡਰਾਂ ਵਿੱਚ ਵਿਚਾਰਕ ਮੱਤਭੇਦ ਸਾਹਮਣੇ ਆਉਣ ਲੱਗੇ ਹਨ।
ਪੰਜਾਬ ਡੈਮੋਕ੍ਰੈਟਿਕ ਐਲਾਇੰਸ ਦਾ ਹਿੱਸਾ ਬਣੇ ਸੰਸਦ ਮੈਂਬਰ ਤੇ ਪੰਜਾਬ ਮੰਚ ਦੇ ਲੀਡਰ ਡਾ. ਧਰਮਵੀਰ ਗਾਂਧੀ ਨੇ ਸੁਖਪਾਲ ਖਹਿਰਾ ਦੇ ਰਵੱਈਏ 'ਤੇ ਇਤਰਾਜ਼ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਖਹਿਰਾ ਨੇ 16 ਦਸੰਬਰ ਨੂੰ ਪਟਿਆਲਾ ਵਿੱਚ ਰੈਲੀ ਵੇਲੇ ਧਰਮ ਬਾਰੇ ਪੇਸ਼ ਕੀਤੇ ਮੁੱਦੇ ਸਲਾਹ ਲਏ ਬਿਨਾਂ ਪਾਸ ਕਰਵਾਏ ਹਨ।
ਡਾ. ਧਰਮਵੀਰ ਗਾਂਧੀ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਲਿਖਿਆ ਹੈ ਕਿ ਪੰਜਾਬੀ ਏਕਤਾ ਦੇ ਨਾਅਰੇ ਨੂੰ ਲੈ ਕੇ ਇਨਸਾਫ਼ ਮਾਰਚ ਦੀ ਰੈਲੀ ਵਿੱਚ ਪੰਜਾਬ ਡੈਮੋਕ੍ਰੈਟਿਕ ਐਲਾਇੰਸ ਬਣਨਾ ਸੂਬੇ ਲਈ ਸ਼ੁੱਭ ਸ਼ਗਨ ਹੈ, ਪਰ ਸੁਖਪਾਲ ਖਹਿਰਾ ਵੱਲੋਂ ਬਿਨਾਂ ਸਲਾਹ ਲਏ ਸਟੇਜ ਤੋਂ ਪਾਸ ਕਰਵਾਏ ਗਏ ਮਤਿਆਂ ’ਤੇ ਉਨ੍ਹਾਂ ਨੂੰ ਇਤਰਾਜ਼ ਹੈ। ਇਨ੍ਹਾਂ ਮਤਿਆਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫਖ਼ਰ-ਏ-ਕੌਮ ਦਾ ਖ਼ਿਤਾਬ ਵਾਪਸ ਕਰਵਾਉਣਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਦਖ਼ਲ ਤੋਂ ਮੁਕਤ ਕਰਵਾਉਣਾ ਆਦਿ ਸ਼ਾਮਲ ਹਨ।
ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਮੰਚ, ਪੀਡੀਏ ਨੂੰ ਧਾਰਮਿਕ ਮਾਮਲਿਆਂ ਅਤੇ ਸੰਸਥਾਵਾਂ ਵਿਚ ਸਿਆਸੀ ਦਖ਼ਲ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਜਦ ਸਾਂਝਾ ਮੁਹਾਜ਼ ਬਣਦਾ ਹੈ ਤਾਂ ਸਾਰਿਆਂ ਦੀ ਸਹਿਮਤੀ ਲੈਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਮਸਲਿਆਂ ਬਾਰੇ ਸਿੱਖ ਬੁੱਧੀਜੀਵੀ ਤੇ ਇਤਿਹਾਸਕਾਰ ਹੀ ਸਹੀ ਸਲਾਹ ਦੇ ਸਕਦੇ ਹਨ ਨਾ ਕਿ ਸਿਆਸੀ ਪਾਰਟੀਆਂ। ਉਨ੍ਹਾਂ ਸਪੱਸ਼ਟ ਕਿਹਾ ਕਿ ਉਹ ਧਰਮ ਦੀ ਸਿਆਸਤ ਨਹੀਂ ਕਰਨਗੇ।
ਦੂਜੇ ਪਾਸੇ ਸੁਖਪਾਲ ਖਹਿਰਾ ਨੇ ਕਿਹਾ ਕਿ ਡਾ. ਧਰਮਵੀਰ ਗਾਂਧੀ ਨਾਲ ਉਨ੍ਹਾਂ ਦੀ ਗੱਲ ਹੋ ਗਈ ਹੈ ਤੇ ਕੋਈ ਗ਼ਿਲਾ-ਸ਼ਿਕਵਾ ਨਹੀਂ। ਉਨ੍ਹਾਂ ਕਿਹਾ ਕਿ ਪੀਡੀਏ ਪੂਰੀ ਤਰ੍ਹਾਂ ਇੱਕਮੁੱਠ ਹੈ। ਖਹਿਰਾ ਨੇ ਕਿਹਾ ਕਿ ਚੋਣਾਂ ਲੜਨ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਤੇ ਨਾ ਹੀ ਧਰਮ ਵਿਚ ਦਖ਼ਲ ਦੇਣ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਮਾਮਲੇ ਬਾਰੇ ਵੀ ਕੋਈ ਮੋਰਚਾ ਨਹੀਂ ਲਾਇਆ ਜਾਵੇਗਾ।

© 2016 News Track Live - ALL RIGHTS RESERVED