ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਦੀਵਾਲੀ

Nov 07 2018 03:36 PM
ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਦੀਵਾਲੀ

 

 ਦੀਵਾਲੀ ਭਾਰਤ ਦਾ ਕੌਮੀ ਤਿਉਹਾਰ ਹੈ, ਜੋ ਪੂਰੇ ਪੰਜਾਬ 'ਚ ਹੀ ਨਹੀਂ ਸਗੋਂ ਪੂਰੇ ਭਾਰਤ 'ਚ ਬੜੀ ਸ਼ਰਧਾ ਤੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਦੀਵਾਲੀ ਸਾਰੇ ਭਾਰਤ ਵਾਸੀਆਂ 'ਚ ਕੌਮੀ ਏਕਤਾ ਤੇ ਸਦਭਾਵਨਾ ਨੂੰ ਪ੍ਰਚੰਡ ਕਰਦਾ ਹੈ। ਸਾਲ ਦੇ ਅੰਤ 'ਚ ਅਕਤੂਬਰ-ਨਵੰਬਰ ਮਹੀਨੇ 'ਚ ਮਨਾਇਆ ਜਾਣ ਵਾਲਾ ਦੀਵਾਲੀ ਦਾ ਤਿਉਹਾਰ ਹਿੰਦੂ ਧਰਮ 'ਚ ਭਗਵਾਨ ਸ੍ਰੀ ਰਾਮ ਦੇ 14 ਸਾਲਾਂ ਦਾ ਬਨਵਾਸ ਕੱਟ ਕੇ ਪਤਨੀ ਸੀਤਾ ਅਤੇ ਭਰਾ ਲਕਸ਼ਮਣ ਨਾਲ ਅਯੁੱਧਿਆ ਤੋਂ ਵਾਪਸ ਆਉਣ ਦੀ ਖੁਸ਼ੀ 'ਚ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਘਰ ਵਾਪਸ ਆਉਣ 'ਤੇ ਅਯੁੱਧਿਆ ਵਾਸੀਆਂ ਨੇ ਘਿਓ ਦੇ ਦੀਵੇ ਬਾਲ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ। ਦੀਵਾਲੀ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਇਸ ਦਿਨ ਸਿੱਖਾਂ ਦੇ ਛੇਵੇਂ ਗੁਰੁ ਹਰਗੋਬਿੰਦ ਸਾਹਿਬ ਜੀ ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਕੈਦ 'ਚੋਂ ਗਵਾਲੀਅਰ ਦੇ ਕਿਲੇ 'ਚੋਂ 52 ਰਾਜਿਆਂ ਨਾਲ ਰਿਹਾਅ ਹੋ ਕੇ ਅੰਮ੍ਰਿਤਸਰ ਪਹੁੰਚੇ ਸਨ। ਉਨ੍ਹਾਂ ਦੇ ਘਰ ਆਉਣ ਦੀ ਖੁਸ਼ੀ 'ਚ ਚਾਰੇ ਪਾਸੇ ਦੀਵੇ ਬਾਲ ਕੇ ਰੌਸ਼ਨੀ ਕੀਤੀ ਗਈ ਸੀ ਅਤੇ ਨਿਆਂ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ ਸੀ। 20ਵੀਂ ਸਦੀ ਦੇ ਅੰਤ 'ਚ ਕੁਝ ਸਿੱਖ ਵਿਦਵਾਨਾਂ ਦੇ ਜ਼ੋਰ ਪਾਉਣ ਤੋਂ ਬਾਅਦ ਸਾਲ 2003 'ਚ ਇਸ ਦਿਨ ਨੂੰ 'ਬੰਦੀ ਛੋੜ ਦਿਵਸ' ਦੇ ਨਾਮ ਵਜੋਂ ਮਾਨਤਾ ਦਿੱਤੀ ਗਈ। 
ਸ੍ਰੀ ਅੰਮ੍ਰਿਤਸਰ ਦੀ ਦੀਵਾਲੀ ਜਗਤ ਪ੍ਰਸਿੱਧ ਹੈ। ਇਸ ਮੌਕੇ ਇਥੇ ਲੱਖਾਂ ਦਾ ਵਪਾਰ ਹੁੰਦਾ ਹੈ। ਦੀਵਾਲੀ ਤੋਂ ਪਹਿਲਾਂ ਲੋਕ, ਦੁਕਾਨਦਾਰ ਤੇ ਕਾਰਖਾਨੇਦਾਰ ਘਰਾਂ, ਦੁਕਾਨਾਂ ਤੇ ਫੈਕਟਰੀਆਂ ਦੀ ਸਫਾਈ ਅਤੇ ਨਵਾਂ ਰੰਗ ਰੋਗਨ ਕਰਵਾਇਆ ਜਾਂਦਾ ਹੈ। ਨਗਰ ਨਿਵਾਸੀ ਆਪਣੇ ਰਿਸ਼ਤੇਦਾਰ ਅਤੇ ਸਾਕ ਸਬੰਧੀਆਂ ਨੂੰ ਮਠਿਆਈਆਂ ਅਤੇ ਤੋਹਫੇ ਭੇਟ ਕਰਦੇ ਹਨ। ਦੀਵਾਲੀ ਦੇ ਮੌਕੇ ਸ਼ਹਿਰ 'ਚ ਵਿਸ਼ੇਸ਼ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ। ਦੁਕਾਨਦਾਰ ਤੇ ਹਲਵਾਈ ਆਪੋ-ਆਪਣੀਆਂ ਦੁਕਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸਜਾਉਂਦੇ ਹਨ। ਦੀਵਾਲੀ ਦੇ ਮੌਕੇ ਗੁਰਦੁਆਰੇ, ਮੰਦਰ ਤੇ ਨਿੱਜੀ ਇਮਾਰਤਾਂ 'ਤੇ ਰੋਸ਼ਨੀਆਂ ਦਾ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਰਾਤ ਨੂੰ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। 
ਦੱਸ ਦੇਈਏ ਕਿ ਬੇਸ਼ੱਕ ਸਰਕਾਰ ਤੇ ਪ੍ਰਸ਼ਾਸਨ ਵਲੋਂ ਆਤਿਸ਼ਬਾਜ਼ੀ ਵੇਚਣ ਅਤੇ ਚਲਾਉਣ ਵਾਲਿਆ 'ਤੇ ਪਾਬੰਦੀ ਲਗਾਈ ਜਾਂਦੀ ਹੈ ਪਰ ਇਸ ਦੇ ਬਾਵਜੂਦ ਲੋਕ ਖੁਸ਼ੀਆਂ ਮਨਾਉਣ ਲਈ ਰਾਤ ਨੂੰ ਘਰਾਂ ਦੀਆਂ ਛੱਤਾਂ 'ਤੇ ਜਾ ਕੇ ਆਤਿਸ਼ਬਾਜ਼ੀ, ਹਵਾਈਆਂ, ਅਨਾਰ, ਫੁਲਝੜੀਆਂ, ਪਟਾਕੇ ਆਦਿ ਚਲਾਉਂਦੇ ਹਨ। ਦੀਵਾਲੀ ਦੇ ਇਸ ਵਿਸ਼ੇਸ਼ ਅਵਸਰ 'ਤੇ ਰਾਤ ਨੂੰ ਲਕਛਮੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ, ਕਿਉਂਕਿ ਲੋਕਾਂ ਦਾ ਮੰਨਣਾ ਹੈ ਇਸ ਰਾਤ ਲਕਛਮੀ ਮਾਂ ਭਗਤਾਂ ਦੇ ਘਰਾਂ 'ਚ ਜ਼ਰੂਰ ਪ੍ਰਵੇਸ਼ ਕਰਦੀ ਹੈ ਤਾਂ ਹੀ ਤਾਂ ਕਈ ਲੋਕ ਘਰਾਂ ਦੇ ਦਰਵਾਜ਼ੇ ਖੋਲ ਕੇ ਰੱਖਦੇ ਹਨ। ਦੀਵਾਲੀ ਦਾ ਮਾੜਾ ਪੱਖ ਇਸ ਰਾਤ ਖੇਡੇ ਜਾਂਦੇ ਜੂਏ ਦਾ ਹੈ । ਲੋਕ ਪੈਸੇ ਦੀ ਹਵਸ 'ਚ ਇਸ ਦਿਨ ਜੂਆ ਖੇਡਦੇ ਹਨ ਅਤੇ ਸ਼ਰਾਬ ਦਾ ਸੇਵਨ ਕਰਦੇ ਹਨ, ਜੋ ਧਰਮ ਦੇ ਖਿਲਾਫ ਹੈ। ਸਾਨੂੰ ਇਹੋ ਜਿਹੀਆਂ ਸਮਾਜ ਵਿਰੋਧੀ ਗਤੀ ਵਿਧੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ। 
ਮੇਰੇ ਵਲੋਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ।

 

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED