ਭਾਰਤ ਤੇ ਅਫਗਾਨਿਸਤਾਨ ਸੁਪਰ-4 ਵਿੱਚ ਭਿੜਣਗੇ

Sep 25 2018 03:15 PM
ਭਾਰਤ ਤੇ ਅਫਗਾਨਿਸਤਾਨ ਸੁਪਰ-4 ਵਿੱਚ ਭਿੜਣਗੇ


ਦੁਬਈ— 
ਭਾਰਤ ਨੇ ਲਗਾਤਾਰ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿਚ ਜਗ•ਾ ਬਣਾ ਲਈ ਹੈ ਤੇ ਹੁਣ ਉਸ ਕੋਲ ਅਫਗਾਨਿਸਤਾਨ ਵਿਰੁੱਧ ਹੋਣ ਵਾਲੇ ਆਪਣੇ ਆਖਰੀ ਸੁਪਰ-4 ਮੁਕਾਬਲੇ ਵਿਚ ਆਪਣੀ ਬੈਂਚ ਸਟ੍ਰੈਂਥ ਨੂੰ ਅਜ਼ਮਾਉਣ ਦਾ ਚੰਗਾ ਮੌਕਾ ਹੋਵੇਗਾ। ਭਾਰਤ ਨੇ ਗਰੁੱਪ ਮੈਚਾਂ 'ਚ ਹਾਂਗਕਾਂਗ ਨੂੰ 26 ਦੌੜਾਂ ਤੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ ਸੀ, ਜਦਕਿ ਸੁਪਰ-4 'ਚ ਉਸ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਅਤੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ। 
ਦੂਜੇ ਪਾਸੇ ਅਫਗਾਨਿਸਤਾਨ ਨੇ ਗਰੁੱਪ ਮੈਚਾਂ 'ਚ ਬੰਗਲਾਦੇਸ਼ ਤੇ ਸ਼੍ਰੀਲੰਕਾ ਨੂੰ ਹਰਾ ਕੇ ਉਲਟਫੇਰ ਦੀਆਂ ਜਿਹੜੀਆਂ ਉਮੀਦਾਂ ਜਗਾਈਆਂ ਸਨ, ਉਹ ਸੁਪਰ-4 ਵਿਚ ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਮਿਲੀ ਹਾਰ ਨਾਲ ਦਮ ਤੋੜ ਗਈਆਂ। ਅਫਗਾਨਿਸਤਾਨ ਨੇ ਹੁਣ ਇਹ ਮੈਚ ਆਪਣਾ ਸਨਮਾਨ ਬਚਾਉਣ ਲਈ ਖੇਡਣਾ ਹੈ ਤੇ ਭਾਰਤ ਸਾਹਮਣੇ ਸਖਤ ਚੁਣੌਤੀ ਪੇਸ਼ ਕਰਨੀ ਹੈ।
ਭਾਰਤ ਦਾ 28 ਸਤੰਬਰ ਨੂੰ ਹੋਣ ਵਾਲੇ ਫਾਈਨਲ 'ਚ ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਆਖਰੀ ਸੁਪਰ-4 ਦੇ ਮੈਚ ਜੇਤੂ ਨਾਲ ਮੁਕਾਬਲਾ ਹੋਣਾ ਹੈ। ਉਸ ਤੋਂ ਪਹਿਲਾਂ ਭਾਰਤ ਕੋਲ ਆਪਣੀ ਬੈਂਚ ਸਟ੍ਰੈਂਥ ਨੂੰ ਅਜ਼ਮਾਉਣ ਤੇ ਫਾਈਨਲ ਲਈ ਕੁਝ ਖਿਡਾਰੀਆਂ ਨੂੰ ਆਰਾਮ ਦੇਣ ਦਾ ਮੌਕਾ ਰਹੇਗਾ। ਭਾਰਤ ਅਫਗਾਨਿਸਤਾਨ ਵਿਰੁੱਧ ਮੁਕਾਬਲੇ 'ਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਤੇ ਸਿਧਾਰਥ ਕੌਲ ਨੂੰ ਮੌਕਾ ਦੇ ਸਕਦਾ ਹੈ, ਜਦਕਿ ਤਜਰਬੇਕਾਰ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਤੇ ਭੁਵਨੇਸ਼ਵਰ ਕੁਮਾਰ ਨੂੰ ਆਰਾਮ ਦਿੱਤਾ ਜਾ ਸਕਦਾ ਹੈ।
ਖਲੀਲ ਨੇ ਹਾਂਗਕਾਂਗ ਵਿਰੁੱਧ ਪਹਿਲੇ ਮੈਚ 'ਚ 3 ਵਿਕਟਾਂ ਲਈਆਂ ਸਨ ਪਰ ਅਗਲੇ ਮੈਚ ਵਿਚ ਬੁਮਰਾਹ ਦੀ ਵਾਪਸੀ ਤੋਂ ਬਾਅਦ ਉਹ ਫਿਰ ਆਖਰੀ-11 ਵਿਚ ਨਹੀਂ ਖੇਡਿਆ ਹੈ। ਮੌਕਾ ਹਾਸਲ ਕਰਨ ਵਾਲਿਆਂ ਦੀ ਲਾਈਨ 'ਚ ਤੇਜ਼ ਗੇਂਦਬਾਜ਼ ਦੀਪਕ ਚਾਹਰ ਵੀ ਹੈ, ਜਿਸ ਨੇ ਅਜੇ ਵਨ ਡੇ 'ਚ ਡੈਬਿਊ ਕਰਨਾ ਹੈ। 
ਬੱਲੇਬਾਜ਼ੀ 'ਚ ਮਨੀਸ਼ ਪਾਂਡੇ ਤੇ ਲੋਕੇਸ਼ ਰਾਹੁਲ ਮੌਕੇ ਹਾਸਲ ਕਰਨ ਵਾਲਿਆਂ ਦੀ ਲਾਈਨ 'ਚ ਹਨ। ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਤੇ ਪਾਕਿਸਤਾਨ ਵਿਰੁੱਧ ਹਮਲਾਵਰ ਸੈਂਕੜਾ ਲਾ ਕੇ 'ਮੈਨ ਆਫ ਦਿ ਮੈਚ' ਬਣੇ ਸ਼ਿਖਰ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਸ਼ਿਖਰ ਨੂੰ ਆਰਾਮ ਦੇ ਕੇ ਰਾਹੁਲ ਨੂੰ ਓਪਨਿੰਗ 'ਚ ਅਜ਼ਮਾਇਆ ਜਾ ਸਕਦਾ ਹੈ।
ਭਾਰਤ ਲਈ ਇਕ ਟੀ-20 ਮੈਚ ਖੇਡ ਚੁੱਕੇ ਦੀਪਕ ਨੂੰ ਅਜੇ ਵਨ ਡੇ ਡੈਬਿਊ ਕਰਨ ਦਾ ਇੰਤਜ਼ਾਰ ਹੈ। ਸਿਧਾਰਥ ਤੇ ਰਾਹੁਲ ਨੇ ਆਪਣੇ ਆਖਰੀ ਵਨ ਡੇ ਪਿਛਲੀ 14 ਜੁਲਾਈ ਨੂੰ ਲਾਰਡਸ ਵਿਚ ਇੰਗਲੈਂਡ ਵਿਰੁੱਧ ਖੇਡੇ ਸਨ। 22 ਵਨ ਡੇ ਖੇਡ ਚੁੱਕੇ ਮਨੀਸ਼ ਨੇ ਆਪਣਾ ਆਖਰੀ ਵਨ ਡੇ ਮੈਚ 17 ਦਸੰਬਰ 2017 ਨੂੰ ਵਿਸ਼ਾਖਾਪਟਨਮ 'ਚ ਸ਼੍ਰੀਲੰਕਾ ਵਿਰੁੱਧ ਖੇਡਿਆ ਸੀ। 
ਭਾਰਤ ਏਸ਼ੀਆ ਕੱਪ ਰਾਹੀਂ ਅਗਲੇ ਸਾਲ ਦੇ ਵਿਸ਼ਵ ਕੱਪ ਦੇ ਆਪਣੇ ਸੰਯੋਜਨਾਂ ਨੂੰ ਅਜ਼ਮਾ ਰਿਹਾ ਹੈ। ਹਾਲਾਂਕਿ ਇਕ ਮੈਚ ਨਾਲ ਕਿਸੇ ਖਿਡਾਰੀ ਦੀ ਪੂਰੀ ਪ੍ਰੀਖਿਆ ਨਹੀਂ ਹੋ ਸਕਦੀ ਪਰ ਜਿਹੜਾ ਖਿਡਾਰੀ ਇਕ ਮੌਕੇ ਦਾ ਵੀ ਫਾਇਦਾ ਚੁੱਕ ਲੈਂਦਾ ਹੈ, ਉਹ ਅੱਗੇ ਦੀ ਦੌੜ ਵਿਚ ਬਣਿਆ ਰਹਿ ਸਕਦਾ ਹੈ।

© 2016 News Track Live - ALL RIGHTS RESERVED