ਮਹਿਮਾਨ ਵਿਸ਼ਵ ਚੈਂਪੀਅਨ ਟੀਮ ਦਾ 3-0 ਨਾਲ ਸਫਾਇਆ

Nov 12 2018 03:22 PM
ਮਹਿਮਾਨ ਵਿਸ਼ਵ ਚੈਂਪੀਅਨ ਟੀਮ ਦਾ 3-0 ਨਾਲ ਸਫਾਇਆ

ਚੇਨਈ-

ਓਪਨਰ ਸ਼ਿਖਰ ਧਵਨ (92) ਦੀ ਫ਼ਾਰਮ 'ਚ ਪਰਤਣ ਵਾਲੀ ਅਰਧ ਸੈਂਕੜੇ ਵਾਲੀ ਪਾਰੀ ਅਤੇ ਨੌਜਵਾਨ ਬੱਲੇਬਾਜ਼ ਰਿਸ਼ਭ ਪੰਤ (58) ਦੇ ਪਹਿਲੇ ਅਰਧ ਸੈਂਕੜੇ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ ਤੀਸਰੇ ਅਤੇ ਆਖਰੀ ਟੀ-20 ਮੈਚ 'ਚ ਐਤਵਾਰ ਨੂੰ ਆਖਰੀ ਗੇਂਦ 'ਤੇ 6 ਵਿਕਟਾਂ ਨਾਲ ਹਰਾ ਕੇ ਮਹਿਮਾਨ ਵਿਸ਼ਵ ਚੈਂਪੀਅਨ ਟੀਮ ਦਾ 3-0 ਨਾਲ ਸਫਾਇਆ ਕਰ ਦਿੱਤਾ। 
ਵਿੰਡੀਜ਼ ਨੇ ਨਿਕੋਲਸ ਪੂਰਨ (ਅਜੇਤੂ 53) ਅਤੇ ਡੇਰੇਨ ਬ੍ਰਾਵੋ (ਅਜੇਤੂ 43) ਦੀਆਂ ਤੇਜ਼-ਤਰਾਰ ਪਾਰੀਆਂ ਨਾਲ 3 ਵਿਕਟਾਂ 'ਤੇ 181 ਦੌੜਾਂ ਦਾ ਚੁਣੌਤੀ ਭਰਪੂਰ ਸਕੋਰ ਬਣਾਇਆ ਪਰ ਸ਼ਿਖਰ ਅਤੇ ਪੰਤ ਦੇ ਚੌਕਿਆਂ ਅਤੇ ਛੱਕਿਆਂ ਦੇ ਦਮ 'ਤੇ ਭਾਰਤ ਨੇ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 182 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਭਾਰਤ ਨੇ ਇਸ ਤਰ੍ਹਾਂ ਵਿੰਡੀਜ਼ ਨੂੰ ਆਪਣੇ ਘਰ 'ਚ ਤਿੰਨਾਂ ਫਾਰਮੈੱਟ 'ਚ ਮਾਤ ਦਿੱਤੀ। ਭਾਰਤ ਨੇ ਟੈਸਟ ਸੀਰੀਜ਼ 2-0 ਨਾਲ, ਵਨ-ਡੇ ਸੀਰੀਜ਼ 3-1 ਨਾਲ ਅਤੇ ਟੀ-20 ਸੀਰੀਜ਼ 3-0 ਨਾਲ ਜਿੱਤੀ। ਸ਼ਿਖਰ ਨੇ ਆਸਟਰੇਲੀਆ ਦੌਰੇ ਤੋਂ ਪਹਿਲਾਂ ਆਪਣੀ ਲੈਅ ਹਾਸਲ ਕਰਦਿਆਂ 62 ਗੇਂਦਾਂ 'ਚ 92 ਦੌੜਾਂ 'ਚ 10 ਚੌਕੇ ਅਤੇ 2 ਛੱਕੇ ਲਾਏ ਅਤੇ ਆਪਣੀ ਸਰਬੋਤਮ ਟੀ-20 ਪਾਰੀ ਖੇਡੀ।
ਪੰਤ ਨੇ 38 ਗੇਂਦਾਂ 'ਚ 5 ਚੌਕੇ ਅਤੇ 3 ਛੱਕੇ ਲਾਉਂਦਿਆਂ 58 ਦੌੜਾਂ ਬਣਾਈਆਂ। ਪੰਤ ਦਾ ਇਹ ਪਹਿਲਾ ਟੀ-20 ਅਰਧ ਸੈਂਕੜਾ ਸੀ। ਕਪਤਾਨ ਰੋਹਿਤ ਸ਼ਰਮਾ (4) ਅਤੇ ਲੋਕੇਸ਼ ਰਾਹੁਲ (17) ਦੀਆਂ ਵਿਕਟਾਂ 45 ਦੌੜਾਂ ਤੱਕ ਡਿੱਗ ਜਾਣ ਤੋਂ ਬਾਅਦ ਸ਼ਿਖਰ ਅਤੇ ਪੰਤ ਨੇ ਜ਼ਬਰਦਸਤ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਦੋਵਾਂ ਨੇ ਤੀਜੀ ਵਿਕਟ ਲਈ 130 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ । 
ਪੰਤ ਨੇ ਇਕ ਖ਼ਰਾਬ ਸ਼ਾਟ ਖੇਡ ਕੇ ਆਪਣੀ ਵਿਕਟ ਗੁਆਈ। ਪੰਤ ਨੂੰ ਕੀਮੋ ਪਾਲ  ਨੇ ਬੋਲਡ ਕੀਤਾ। ਭਾਰਤ ਦਾ ਤੀਜਾ ਵਿਕਟ 175 ਦੇ ਸਕੋਰ 'ਤੇ ਡਿੱਗਿਆ। ਪੰਤ ਦਾ ਵਿਕਟ ਡਿੱਗਣ ਤੋਂ ਬਾਅਦ ਮਨੀਸ਼ ਪਾਂਡੇ ਮੈਦਾਨ 'ਚ ਉਤਰਿਆ। ਭਾਰਤ ਨੂੰ ਆਖਰੀ ਓਵਰ 'ਚ ਜਿੱਤ ਲਈ 5 ਦੌੜਾਂ ਚਾਹੀਦੀਆਂ ਸਨ। ਆਖਰੀ ਓਵਰ 'ਚ ਕਾਫੀ ਡਰਾਮਾ ਹੋਇਆ । ਸ਼ਿਖਰ 5ਵੀਂ ਗੇਂਦ 'ਤੇ ਕੈਚ ਆਊਟ ਹੋ ਗਿਆ। ਭਾਰਤ ਨੂੰ ਆਖਰੀ ਗੇਂਦ 'ਤੇ ਇਕ ਦੌੜ ਚਾਹੀਦੀ ਸੀ ਅਤੇ ਪਾਂਡੇ ਨੇ ਸਿੰਗਲ ਲੈ ਕੇ ਭਾਰਤ ਨੂੰ ਜਿੱਤ ਦਿਵਾ ਦਿੱਤੀ। ਪਾਂਡੇ 4 ਦੌੜਾਂ 'ਤੇ ਅਜੇਤੂ ਰਿਹਾ।
ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੇ ਐੱਮ. ਏ. ਚਿਦਾਂਬਰਮ ਸਟੇਡੀਅਮ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਪਹਿਲੇ 2 ਮੈਚਾਂ ਦੇ ਮੁਕਾਬਲੇ ਇਸ ਮੈਚ 'ਚ ਬਿਹਤਰ ਪ੍ਰਦਰਸ਼ਨ ਕੀਤਾ। ਵੈਸਟਇੰਡੀਜ਼ ਨੇ ਤੇਜ਼ ਸ਼ੁਰੂਆਤ ਕੀਤੀ, ਮੱਧ ਓਵਰਾਂ 'ਚ ਸਥਿਤੀ ਡਾਵਾਂਡੋਲ ਵਿਖਾਈ ਦਿੱਤੀ ਪਰ ਫਿਰ ਸੰਭਲਦਿਆਂ ਚੁਣੌਤੀ ਭਰਪੂਰ ਸਕੋਰ ਬਣਾ ਲਿਆ ਪਰ ਉਸ ਦੇ ਗੇਂਦਬਾਜ਼ਾਂ 'ਚ ਇੰਨਾ ਦਮ ਨਹੀਂ ਸੀ ਕਿ ਉਹ ਇਸ ਸਕੋਰ ਦਾ ਬਚਾਅ ਕਰ ਸਕਦੇ।

© 2016 News Track Live - ALL RIGHTS RESERVED