ਭਾਰਤ ਵੱਲੋਂ ਕੀਤੀ ਜਾ ਰਹੀ ਸਖਤੀ ਨਾਲ ਹਿੰਸਾ ਵਧੇਗੀ

Aug 05 2019 02:15 PM
ਭਾਰਤ ਵੱਲੋਂ ਕੀਤੀ ਜਾ ਰਹੀ ਸਖਤੀ ਨਾਲ ਹਿੰਸਾ ਵਧੇਗੀ

ਇਸਲਾਮਾਬਾਦ:

ਕਸ਼ਮੀਰ ਵਿੱਚ ਤਣਾਅ ਮਗਰੋਂ ਪਾਕਿਸਤਾਨ ਵਿੱਚ ਵੀ ਹਿੱਲਜੁਲ ਹੋਈ ਹੈ। ਅੱਜ ਹੰਗਮੀ ਹਾਲਤ ਵਿੱਚ ਪਾਕਿਸਤਾਨ ਦੀ ਨੈਸ਼ਨਲ ਸਕਿਊਰਟੀ ਕਮੇਟੀ ਨੇ ਬੈਠਕ ਕੀਤੀ। ਇਸ ਮਗਰੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਭਾਰਤ ਵੱਲੋਂ ਕੀਤੀ ਜਾ ਰਹੀ ਸਖਤੀ ਨਾਲ ਹਿੰਸਾ ਵਧੇਗੀ। ਇਸ ਨਾਲ ਪੂਰੇ ਖਿੱਤੇ ਦਾ ਮਾਹੌਲ ਵਿਗੜੇਗਾ।
ਇਮਰਾਨ ਖ਼ਾਨ ਨੇ ਕਿਹਾ ਹੈ ਕਿ ਕਸ਼ਮੀਰ ਮੁੱਦੇ ’ਤੇ ਭਾਰਤ ਤੇ ਪਾਕਿ ਵਿਚਾਲੇ ਲਗਾਤਾਰ ਵੱਧ ਰਿਹਾ ਤਣਾਅ ਖੇਤਰੀ ਟਕਰਾਅ ਪੈਦਾ ਕਰ ਸਕਦਾ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਮਾਮਲੇ ’ਚ ਦਖ਼ਲ ਦੇਣ।
ਮੀਟਿੰਗ ਤੋਂ ਬਾਅਦ ਪਾਕਿ ਨੇ ਕਿਹਾ ਹੈ ਕਿ ਉਹ ਭਾਰਤ ਦੇ ਕਿਸੇ ਵੀ ‘ਹਮਲਾਵਰ ਰੁਖ਼’ ਦਾ ਜਵਾਬ ਦੇਣ ਲਈ ਤਿਆਰ ਹਨ। ਪਾਕਿ ਦਾ ਦਾਅਵਾ ਹੈ ਕਿ ਇਨ੍ਹਾਂ ਨਾਲ ਮਕਬੂਜ਼ਾ ਕਸ਼ਮੀਰ ਵਿੱਚ ਦੋ ਨਾਗਰਿਕ ਮਾਰੇ ਗਏ ਹਨ ਤੇ 11 ਫੱਟੜ ਹੋਏ ਹਨ। ਜਦਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰ ਦਿੱਤਾ ਹੈ। ਇਸ ਮੌਕੇ ਭਾਰਤ ਨਾਲ ਅਚਾਨਕ ਵਧੇ ਤਣਾਅ ਬਾਰੇ ਮੁਲਕ ਦੇ ਸਿਖ਼ਰਲੇ ਪ੍ਰਸ਼ਾਸਨਿਕ ਤੇ ਫ਼ੌਜੀ ਅਧਿਕਾਰੀਆਂ ਨੇ ਆਪਣੇ ਪੱਖ ਰੱਖੇ ਹਨ।
ਇੱਕ ਟਵੀਟ ਵਿਚ ਖ਼ਾਨ ਨੇ ਕਿਹਾ ਹੈ ਕਿ ਕਸ਼ਮੀਰ ਦੇ ਲੋਕਾਂ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀਆਂ ਤਜਵੀਜ਼ਾਂ ਮੁਤਾਬਕ ਆਪਣੇ ਹੱਕਾਂ ਦੀ ਵਰਤੋਂ ਦੀ ਖੁੱਲ੍ਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੱਖਣੀ ਏਸ਼ੀਆ ’ਚ ਸ਼ਾਂਤੀ ਤੇ ਸੁਰੱਖਿਆ ਦਾ ਰਾਹ ਕਸ਼ਮੀਰ ਮੁੱਦੇ ਦੇ ਸ਼ਾਂਤੀਪੂਰਨ ਹੱਲ ਵਿਚੋਂ ਨਿਕਲਦਾ ਹੈ। ਖ਼ਾਨ ਨੇ ਸਲਾਮਤੀ ਕੌਂਸਲ ਨੂੰ ਵੀ ਦਖ਼ਲ ਦੇਣ ਲਈ ਕਿਹਾ ਹੈ।
ਪਾਕਿ ਨੇ ਇਸਲਾਮਿਕ ਤਾਲਮੇਲ ਸੰਗਠਨ ਨੂੰ ਕਸ਼ਮੀਰ ਮੁੱਦੇ ਦਾ ਨੋਟਿਸ ਲੈਣ ਲਈ ਕਿਹਾ ਹੈ। ਇਮਰਾਨ ਨੇ ਟਵਿੱਟਰ ’ਤੇ ਲਿਖਿਆ ਹੈ ਕਿ ਰਾਸ਼ਟਰਪਤੀ ਟਰੰਪ ਨੇ ਕਸ਼ਮੀਰ ਮੁੱਦਾ ਸੁਲਝਾਉਣ ਲਈ ਸਹਿਯੋਗ ਦੀ ਪੇਸ਼ਕਸ਼ ਕੀਤੀ ਸੀ। ਹੁਣ ਸਹੀ ਸਮਾਂ ਹੈ ਕਿ ਟਰੰਪ ਦਖ਼ਲ ਦੇਣ ਕਿਉਂਕਿ ਕੰਟਰੋਲ ਰੇਖਾ ਨੇੜੇ ਤਣਾਅ ਵਧ ਰਿਹਾ ਹੈ ਤੇ ਸਥਿਤੀ ਬੇਹੱਦ ਖ਼ਰਾਬ ਹੈ। ਭਾਰਤੀ ਰੱਖਿਆ ਬਲ ਸਖ਼ਤ ਕਦਮ ਚੁੱਕ ਰਹੇ ਹਨ।

 

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED