ਰੱਖਿਆ ਸਕੱਤਰ ਹੇਮਾਸੀਰੀ ਫਰਨਾਂਡੋ ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ

Apr 26 2019 04:01 PM
ਰੱਖਿਆ ਸਕੱਤਰ ਹੇਮਾਸੀਰੀ ਫਰਨਾਂਡੋ ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ

ਕੋਲੰਬੋ:

ਸ੍ਰੀਲੰਕਾ ਵਿੱਚ ਈਸਟਰ ਵਾਲੇ ਦਿਨ ਲੜੀਵਾਰ ਬੰਬ ਧਮਾਕਿਆਂ ਦੀ ਘਟਨਾ ਬਾਅਦ ਰੱਖਿਆ ਸਕੱਤਰ ਹੇਮਾਸੀਰੀ ਫਰਨਾਂਡੋ ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ ਹੈ। ਰਾਸ਼ਟਰਪਤੀ ਮੈਤਰੀਪਾਲਾ ਸਿਰਿਸੇਨਾ ਨੇ ਦੇਸ਼ ਦੇ ਪੁਲਿਸ ਮੁਖੀ ਪੀ ਜੈਸੁੰਦਰ ਤੇ ਰੱਖਿਆ ਸਕੱਤਰ ਐਚ ਫਰਨਾਂਡੋ ਨੂੰ ਬੁੱਧਵਾਰ ਅਸਤੀਫ਼ੇ ਦੇਣ ਦੇ ਹੁਕਮ ਦਿੱਤੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਅੱਤਵਾਦੀ ਦੁਬਾਰਾ ਹਮਲਾ ਕਰ ਸਕਦੇ ਹਨ। ਅਜੇ ਵੀ ਸ੍ਰੀਲੰਕਾ ਵਿੱਚ ਕਈ ਸ਼ੱਕੀ ਮੌਜੂਦ ਹਨ ਜਿਨ੍ਹਾਂ ਕੋਲ ਵਿਸਫੋਟਕ ਹੋ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਆਉਣ ਵਾਲੇ ਹਫ਼ਤੇ ਵਿੱਚ ਪੁਲਿਸ ਤੇ ਸੁਰੱਖਿਆ ਬਲਾਂ ਦਾ ਪੂਰੀ ਤਰਾਂ ਪੁਨਰਗਠਨ ਕੀਤਾ ਜਾਏਗਾ। ਸ੍ਰੀਲੰਕਾ ਪੁਲਿਸ ਮੁਤਾਬਕ ਵਿਸ਼ੇਸ਼ ਟਾਸਕ ਫੋਰਸ ਨੇ ਕੋਲੰਬੋ ਦੇ ਮੇਦਾਰਾ ਖੇਤਰ ਵਿੱਚੋਂ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ ਵਿਸਫੋਟਕਾਂ ਸਮੇਤ ਤਲਵਾਰਾਂ ਵੀ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਕੋਲੋਂ 21 ਦੇਸੀ ਗ੍ਰਨੇਡ, 6 ਤਲਵਾਰਾਂ ਤੇ ਇੱਕ ਵੈਨ ਬਰਾਮਦ ਕੀਤੀ ਗਈ ਹੈ।
ਦੱਸ ਦੇਈਏ ਕੋਲੰਬੋ ਤੋਂ 40 ਕਿਲੋਮੀਟਰ ਦੂਰ ਕੱਲ੍ਹ, ਯਾਨੀ 25 ਅਪਰੈਲ ਨੂੰ ਪੁਗੋਡਾ ਸ਼ਹਿਰ ਵਿੱਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਸੀ। ਨਿਊਜ਼ ਏਜੰਸੀ ਰਾਈਟਰ ਮੁਤਾਬਕ ਇਨ੍ਹਾਂ ਧਮਾਕਿਆਂ 'ਚ ਜਾਨੀ ਨੁਕਸਾਨ ਨਹੀਂ ਹੋਇਆ। ਸ੍ਰੀਲੰਕਾ ਵਿੱਚ ਪਿਛਲੇ ਐਤਵਾਰ ਨੂੰ ਸੀਰੀਅਲ ਬਲਾਸਟ ‘ਚ 300 ਤੋਂ ਜ਼ਿਆਦਾ ਜਾਨਾਂ ਗਈਆਂ ਸੀ ਜਿਨ੍ਹਾਂ ‘ਚ ਕੁਝ ਭਾਰਤੀ ਵੀ ਸ਼ਾਮਲ ਸਨ। ਇਸ ਧਮਾਕੇ ਵਿੱਚ 500 ਤੋਂ ਜ਼ਿਆਦਾ ਲੋਕ ਗੰਭੀਰ ਜ਼ਖ਼ਮੀ ਹੋਏ ਸੀ। ਬੀਤੇ ਦਿਨੀਂ ਇਸਲਾਮਿਕ ਸਟੇਟ ਨੇ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਦਾਰੀ ਲਈ ਸੀ।

© 2016 News Track Live - ALL RIGHTS RESERVED