ਜਲ੍ਹਿਆਂਵਾਲਾ ਬਾਗ਼ ਕਤਲੇਆਮ ਲਈ ਬ੍ਰਿਟਿਸ਼ ਸਰਕਾਰ ਤੋਂ ਮੁਆਫ਼ੀ ਮੰਗਾਏ ਜਾਣ ਦੀ ਮੰਗ

Feb 21 2019 03:53 PM
ਜਲ੍ਹਿਆਂਵਾਲਾ ਬਾਗ਼ ਕਤਲੇਆਮ ਲਈ ਬ੍ਰਿਟਿਸ਼ ਸਰਕਾਰ ਤੋਂ ਮੁਆਫ਼ੀ ਮੰਗਾਏ ਜਾਣ ਦੀ ਮੰਗ

ਚੰਡੀਗੜ੍ਹ/ਲੰਡਨ:

ਪੰਜਾਬ ਵਿਧਾਨ ਸਭਾ ਨੇ ਬੁੱਧਵਾਰ ਨੂੰ ਜਲ੍ਹਿਆਂਵਾਲਾ ਬਾਗ਼ ਕਤਲੇਆਮ ਲਈ ਬ੍ਰਿਟਿਸ਼ ਸਰਕਾਰ ਤੋਂ ਮੁਆਫ਼ੀ ਮੰਗਾਏ ਜਾਣ ਦੀ ਮੰਗ ਲਈ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਹੈ। ਇਸ ਦੇ ਨਾਲ ਹੀ ਸੰਕੇਤ ਮਿਲੇ ਹਨ ਕਿ ਬ੍ਰਿਟਿਸ਼ ਸਰਕਾਰ ਵੱਲੋਂ ਮਾਫੀ ਮੰਗਣ ਦੀ ਚਰਚਾ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਭਾਰਤ ’ਚ ਬ੍ਰਿਟਿਸ਼ ਰਾਜ ਦੌਰਾਨ 13 ਅਪਰੈਲ, 1919 ਨੂੰ ਵਾਪਰੇ ਜਲ੍ਹਿਆਂਵਾਲਾ ਬਾਗ਼ ਸਾਕੇ ਦੀ ਬ੍ਰਿਟੇਨ ਸਰਕਾਰ ਵੱਲੋਂ ਰਸਮੀ ਮੁਆਫ਼ੀ ਮੰਗਣ ਦੇ ਸੰਕੇਤ ਦਿਖਾਈ ਦੇ ਰਹੇ ਹਨ।
ਸਾਕੇ ਦੇ ਸ਼ਤਾਬਦੀ ਸਮਾਗਮ ਮਨਾਉਣ ਬਾਬਤ ਹਾਊਸ ਆਫ਼ ਲਾਰਡਜ਼ ’ਚ ਬਹਿਸ ਦੌਰਾਨ ਮੰਤਰੀ ਨੇ ਇਹ ਗੱਲ ਆਖੀ। ਹੇਠਲੇ ਸਦਨ ’ਚ ਮੰਗਲਵਾਰ ਨੂੰ ‘ਅੰਮ੍ਰਿਤਸਰ ਨਰਸੰਘਾਰ: ਸ਼ਤਾਬਦੀ’ ਮੁੱਦੇ ’ਤੇ ਬਹਿਸ ਦੌਰਾਨ ਬੈਰਨੈੱਸ ਅੰਨਾਬੇਲ ਗੋਲਡੀ ਨੇ ਢੁਕਵੇਂ ਤੇ ਆਦਰ ਸਹਿਤ ਸਾਕੇ ਦੀ ਸ਼ਤਾਬਦੀ ਮਨਾਉਣ ਦੀ ਯੋਜਨਾ ਬਾਰੇ ਤਸਦੀਕ ਕੀਤੀ।
ਸਰਕਾਰੀ ਵ੍ਹਿੱਪ ਦੇ ਅਹੁਦੇ ’ਤੇ ਤਾਇਨਾਤ ਬੈਰਨੈੱਸ ਗੋਲਡੀ ਨੇ ਕਿਹਾ ਕਿ ਉਸ ਵੇਲੇ ਦੀ ਸਰਕਾਰ ਨੇ ਗੋਲ-ਮੋਲ ਤਰੀਕੇ ਨਾਲ ਜ਼ੁਲਮ ਦੀ ਨਿਖੇਧੀ ਕੀਤੀ ਸੀ ਪਰ ਉਸ ਤੋਂ ਬਾਅਦ ਵਾਲੀਆਂ ਸਰਕਾਰਾਂ ਨੇ ਮੁਆਫ਼ੀ ਨਹੀਂ ਮੰਗੀ। ਉਸ ਨੇ ਕਿਹਾ ਕਿ ਸਰਕਾਰਾਂ ਸਮਝਦੀਆਂ ਰਹੀਆਂ ਕਿ ਇਤਿਹਾਸ ਨੂੰ ਮੁੜ ਤੋਂ ਨਹੀਂ ਲਿਖਿਆ ਜਾ ਸਕਦਾ। ਉਂਜ ਉਸ ਨੇ ਯੂਕੇ ਦੇ ਵਿਦੇਸ਼ ਮੰਤਰੀ ਜੇਰਮੀ ਹੰਟ ਵੱਲੋਂ ਸੰਸਦ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਨੂੰ ਪਿਛਲੇ ਸਾਲ ਅਕਤੂਬਰ ’ਚ ਦਿੱਤੇ ਜ਼ਬਾਨੀ ਸਬੂਤ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਵੱਲੋਂ ਉਸ ਸਮੇਂ ਦੇ ਹਾਲਾਤ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਬਹਿਸ ਦੌਰਾਨ ਆਏ ਵਿਚਾਰਾਂ ਤੋਂ ਮੰਤਰਾਲੇ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ। ਭਾਰਤੀ ਮੂਲ ਦੇ ਲਾਰਡ ਰਾਜ ਲੂੰਬਾ ਤੇ ਮੇਘਨਾਦ ਦੇਸਾਈ ਵੱਲੋਂ ਬਹਿਸ ਦੌਰਾਨ ਦਖ਼ਲ ਦਿੱਤੇ ਜਾਣ ਮਗਰੋਂ ਇਹ ਜਵਾਬ ਆਇਆ ਹੈ। ਲੂੰਬਾ ਨੇ ਕਿਹਾ ਕਿ ਜੇਕਰ ਬਰਤਾਨੀਆ ਮੁਆਫ਼ੀ ਮੰਗ ਲੈਂਦਾ ਹੈ ਤਾਂ ਯੂਕੇ ’ਚ ਰਹਿੰਦੇ ਦੱਖਣ ਏਸ਼ਿਆਈ ਤੇ ਭਾਰਤੀ ਲੋਕ ਇਸ ਦੀ ਸ਼ਲਾਘਾ ਕਰਨਗੇ।

© 2016 News Track Live - ALL RIGHTS RESERVED