ਸਿਡਨੀ ਹਾਰਬਰ ਵਿੱਚ ਚੀਨ ਦੇ ਤਿੰਨ ਜੰਗੀ ਬੇੜੇ ਦਿੱਸਣ ਬਾਅਦ ਹੰਗਾਮਾ

Jun 03 2019 04:18 PM
ਸਿਡਨੀ ਹਾਰਬਰ ਵਿੱਚ ਚੀਨ ਦੇ ਤਿੰਨ ਜੰਗੀ ਬੇੜੇ ਦਿੱਸਣ ਬਾਅਦ ਹੰਗਾਮਾ

ਕੈਨਬਰਾ:

ਆਸਟ੍ਰੇਲੀਆ ਦੇ ਸਿਡਨੀ ਹਾਰਬਰ ਵਿੱਚ ਚੀਨ ਦੇ ਤਿੰਨ ਜੰਗੀ ਬੇੜੇ ਦਿੱਸਣ ਬਾਅਦ ਹੰਗਾਮਾ ਮੱਚ ਗਿਆ। ਦਰਅਸਲ, ਹਾਲ ਹੀ ਵਿੱਚ ਇੱਕ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਸੀ ਕਿ ਆਸਟ੍ਰੇਲਿਆਈ ਥਲ ਸੈਨਾ ਦੀ ਵਿਵਾਦਤ ਦੱਖਣ ਚੀਨ ਸਾਗਰ ਵਿੱਚ ਗਸ਼ਤ ਦੌਰਾਨ ਚੀਨੀ ਥਲ ਸੈਨਾ ਨਾਲ ਉਸ ਦਾ ਆਹਮੋ-ਸਾਹਮਣਾ ਹੋ ਗਿਆ ਸੀ। ਇਹ ਵੀ ਕਿਹਾ ਗਿਆ ਸੀ ਕਿ ਆਸਟ੍ਰੇਲਿਆਈ ਪਾਇਲਟਾਂ 'ਤੇ ਲੇਜ਼ਰ ਦਾ ਨਿਸ਼ਾਨਾ ਰੱਖਿਆ ਗਿਆ ਸੀ। ਇਨ੍ਹਾਂ ਖ਼ਬਰਾਂ ਦਰਮਿਆਨ ਸੋਮਵਾਰ ਸਵੇਰੇ ਅਚਾਨਕ ਥਲ ਸੈਨਾ ਦੇ 700 ਜਵਾਨਾਂ ਨਾਲ ਤਿੰਨ ਚੀਨੀ ਜੰਗੀ ਪੋਤਾਂ ਪਹੁੰਚਣ ਬਾਅਦ ਇੱਥੇ ਤਣਾਓ ਬਣਿਆ ਹੋਇਆ ਹੈ।

ਇਸ ਘਟਨਾ ਬਾਅਦ ਸੋਲੋਮਨ ਟਾਪੂ ਦੇ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਲਈ ਇਹ ਹੈਰਾਨੀ ਵਾਲੀ ਗੱਲ ਹੋ ਸਕਦੀ ਹੈ, ਪਰ ਸਰਕਾਰ ਨੂੰ ਇਸ ਬਾਰੇ ਪਹਿਲਾਂ ਹੀ ਪਤਾ ਸੀ। ਮਾਰਿਸਨ ਨੇ ਕਿਹਾ ਕਿ ਹਾਲ ਹੀ ਵਿੱਚ ਆਸਟ੍ਰੇਲਿਆਈ ਪੋਤ ਚੀਨ ਗਏ ਸੀ। ਇਸ ਲਈ ਇਹ ਚੀਨ ਦਾ ਜਵਾਬੀ ਦੌਰਾ ਸੀ।

ਰਿਪੋਰਟਾਂ ਮੁਤਾਬਕ ਜਿਨ੍ਹਾਂ ਜੰਗੀ ਪੋਤਾਂ ਨੂੰ ਹਾਰਬਰ ਵਿੱਚ ਵੇਖਿਆ ਗਿਆ ਉਨ੍ਹਾਂ ਵਿੱਚੋਂ ਇੱਕ ਯੁਝਾਓ ਕਲਾਸ ਦਾ ਲੈਂਡਿੰਗ ਸ਼ਿਪ, ਇੱਕ ਲੁਓਮਾ ਕਲਾਸ ਦਾ ਸ਼ਿਪ ਤੇ ਇੱਕ ਐਂਟੀ ਸਬਮਰੀਨ ਮਿਸਾਈਲ ਸਿਸਟਮ ਨਾਲ ਲੈਸ ਸ਼ੁਚਾਂਗ ਕਲਾਸ ਦਾ ਆਧੁਨਿਕ ਜਹਾਜ ਸ਼ਾਮਲ ਸੀ। ਮਾਹਰ ਇਨ੍ਹਾਂ ਤਿੰਨਾਂ ਜੰਗੀ ਪੋਤਾਂ ਦੇ ਆਸਟ੍ਰੇਲੀਆਈ ਦੌਰੇ ਦੇ ਸਮੇਂ 'ਤੇ ਸਵਾਲ ਚੁੱਕ ਰਹੇ ਹਨ।

ਦੱਸ ਦੇਈਏ ਐਤਵਾਰ ਨੂੰ ਚੀਨ ਦੇ ਰੱਖਿਆ ਮੰਤਰੀ ਵੇਈ ਫੇਂਗੇ ਨੇ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਜੇ ਅਮਰੀਕਾ ਨਾਲ ਜੰਗ ਹੋਈ ਤਾਂ ਇਹ ਦੁਨੀਆ ਲਈ ਭਿਆਨਕ ਹੋਏਗਾ। ਇਸ ਲਈ ਬਿਹਤਰ ਹੋਏਗਾ ਕਿ ਅਮਰੀਕਾ ਤਾਈਵਾਨ ਤੇ ਦੱਖਣ ਚੀਨ ਸਾਗਰ ਦੇ ਮੁੱਦੇ 'ਤੇ ਦਖ਼ਲ-ਅੰਦਾਜ਼ੀ ਨਾ ਕਰੇ। ਵੇਈ ਨੇ ਇਹ ਗੱਲ ਸਿੰਗਾਪੁਰ ਵਿੱਚ ਰੱਖਿਆ ਮੁੱਦੇ 'ਤੇ ਕਰਾਏ ਸ਼ਾਂਗਰੀ-ਲਾ ਡਾਇਲਾਗ ਵਿੱਚ ਕਹੀ।

© 2016 News Track Live - ALL RIGHTS RESERVED