ਧਰਤੀ ’ਤੇ ਸਿਰਫ 3 ਫੀਸਦੀ ਪਾਣੀ ਪੀਣਯੋਗ

ਧਰਤੀ ’ਤੇ ਸਿਰਫ 3 ਫੀਸਦੀ ਪਾਣੀ ਪੀਣਯੋਗ

ਚੰਡੀਗੜ੍ਹ:

ਦੁਨੀਆ ਭਰ ਵਿੱਚ ਅੱਜ ਦਾ ਦਿਨ ਵਿਸ਼ਵ ਜਲ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਵਿਸ਼ਵ ਦੇ ਕਈ ਦੇਸ਼ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਹਨ। ਅਜਿਹੇ ਵਿੱਚ ਜਲ ਸੰਕਟ ਦ ਮੁੱਦਾ ਵਿਚਾਰਿਆ ਜਾਣਾ ਅਹਿਮ ਹੋ ਜਾਂਦਾ ਹੈ। ਦੱਸ ਦੇਈਏ ਕਿ ਧਰਤੀ ’ਤੇ ਸਿਰਫ 3 ਫੀਸਦੀ ਪਾਣੀ ਪੀਣਯੋਗ ਹੈ ਜਿਸ ਵਿੱਚੋਂ 2.4 ਫੀਸਦੀ ਗਲੇਸ਼ੀਅਰਾਂ, ਉੱਤਰੀ ਤੇ ਦੱਖਣੀ ਧਰੁਵਾਂ ਵਿੱਚ ਜੰਮਿਆ ਹੋਇਆ ਹੈ। ਸਿਰਫ 0.6 ਫੀਸਦੀ ਪਾਣੀ ਨਦੀਆਂ, ਝੀਲਾਂ ਤੇ ਤਲਾਬਾਂ ਵਿੱਚ ਹੈ ਜਿਸ ਨੂੰ ਪੀਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਪ੍ਰਿਥਵੀ ਦਾ 71 ਫੀਸਦੀ ਹਿੱਸਾ ਪਾਣੀ ਨਾਲ ਢੱਕਿਆ ਹੋਇਆ ਹੈ। ਇਸ ਵਿੱਚੋਂ 1.6 ਫੀਸਦੀ ਪਾਣੀ ਜ਼ਮੀਨ ਦੇ ਹੇਠਾਂ ਹੈ ਤੇ 0.001 ਫੀਸਦੀ ਵਾਸ਼ਪਾਂ ਤੇ ਬੱਦਲਾਂ ਦੇ ਰੂਪ ਵਿੱਚ ਹੁੰਦਾ ਹੈ। ਧਰਤੀ ਦੇ ਸਤਹਿ ਉਤਲੇ ਪਾਣੀ ਵਿੱਚੋਂ 97 ਫੀਸਦੀ ਸਾਗਰਾਂ ਤੇ ਮਹਾਸਾਗਰਾਂ ਵਿੱਚ ਹੈ ਜੋ ਨਮਕੀਨ ਹੈ। ਇਹ ਪੀਣ ਦੇ ਕੰਮ ਨਹੀਂ ਆ ਸਕਦਾ। ਇਸ ਹਿਸਾਬ ਨਾਲ ਸਿਰਫ 3 ਫੀਸਦੀ ਪਾਣੀ ਪੀਣ ਯੋਗ ਰਹਿ ਜਾਂਦਾ ਹੈ।
ਮਨੁੱਖੀ ਸਰੀਰ ਵਿੱਚ ਲਗਪਗ 60 ਫੀਸਦੀ ਪਾਣੀ ਹੁੰਦਾ ਹੈ। ਦਿਮਾਗ ਵਿੱਚ 85 ਫੀਸਦੀ ਪਾਣੀ ਹੈ ਜਦਕਿ ਲਹੂ ਵਿੱਚ 79 ਫੀਸਦੀ ਜਲ ਹੁੰਦਾ ਹੈ। ਫੇਫੜਿਆਂ ਵਿੱਚ ਵੀ ਲਗਪਗ 80 ਫੀਸਦੀ ਪਾਣੀ ਹੁੰਦਾ ਹੈ। ਯਾਨੀ ਵੇਖਿਆ ਜਾਏ ਤਾਂ ਜਿਊਂਦੇ ਲਈ ਪਾਣੀ ਭੋਜਨ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਹੈ। ਇੱਕ ਅੰਦਾਜ਼ੇ ਮੁਤਾਬਕ ਦੁਨੀਆ ਭਰ ਵਿੱਚ 2.1 ਅਰਬ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਨਹੀਂ ਮਿਲਦਾ। ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਇਸ ਦੀ ਵਜ੍ਹਾ ਕਰਕੇ ਲੋਕ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਲੋਕਾਂ ਦੀ ਤਾਂ ਮੌਤ ਵੀ ਹੋ ਜਾਂਦੀ ਹੈ।
ਭਾਰਤ ਵਿੱਚ ਤਾਂ ਪਾਣੀ ਦੀ ਮੰਗ ਲਗਾਤਾਰ ਵਧ ਰਹੀ ਹੈ। ਜਿਵੇਂ-ਜਿਵੇਂ ਆਬਾਦੀ ਵਧ ਰਹੀ ਹੈ, ਉਵੇਂ-ਉਵੇਂ ਪਾਣੀ ਦਾ ਇਸਤੇਮਾਲ ਵੀ ਵਧ ਰਿਹਾ ਹੈ। ਇਸ ਦੇ ਨਾਲ ਹੀ ਉਦਯੋਗੀਕਰਨ ਤੇ ਖੇਤੀਬਾੜੀ ਦੇ ਵਿਕਾਸ ਹੋਣ ਕਰਕੇ ਵੀ ਪਾਣੀ ਦੀ ਮੰਗ ਵਧ ਰਹੀ ਹੈ। ਲਿਹਾਜ਼ਾ ਪਾਣੀ ਦੀ ਸੰਭਾਲ ਕਰਨਾ ਸਮੇਂ ਦੀ ਜ਼ਰੂਰਤ ਬਣ ਗਿਆ ਹੈ।
ਦਰਅਸਲ ਬ੍ਰਾਜ਼ੀਲ ਵਿੱਚ ਰੀਓ ਡੀ ਜੇਨੇਰੀਓ ਵਿੱਚ 1992 ਵਿੱਚ ਕਰਵਾਏ ਵਾਤਾਵਰਨ ਤੇ ਵਿਕਾਸ ਦਾ ਸੰਯੁਕਤ ਰਾਸ਼ਟਰ ਸੰਮੇਲਨ ਵਿੱਚ ਵਿਸ਼ਵ ਜਲ ਦਿਵਸ ਮਨਾਉਣ ਦੀ ਪਹਿਲ ਕੀਤੀ ਗਈ ਸੀ। ਇਸ ਤੋਂ ਬਾਅਦ 1993 ਵਿੱਚ 22 ਮਾਰਚ ਨੂੰ ਪਹਿਲੀ ਵਾਰ ‘ਵਿਸ਼ਵ ਜਲ ਦਿਵਸ’ ਮਨਾਇਆ ਗਿਆ ਸੀ ਤੇ ਉਦੋਂ ਤੋਂ ਹਰ ਸਾਲ ਇਹ ਦਿਨ ਮਨਾਇਆ ਜਾਂਦਾ ਹੈ।

© 2016 News Track Live - ALL RIGHTS RESERVED