ਕਿਮ ਜੌਂਗ ਉਨ ਦੀ ਧਮਕੀ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਰਮ ਪੈ ਗਏ

Jun 12 2019 05:24 PM
ਕਿਮ ਜੌਂਗ ਉਨ ਦੀ ਧਮਕੀ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਰਮ ਪੈ ਗਏ

ਵਾਸ਼ਿੰਗਟਨ:

ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੌਂਗ ਉਨ ਦੀ ਧਮਕੀ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਰਮ ਪੈ ਗਏ ਹਨ। ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਿਮ ਜੌਂਗ ਉਨ ਦਾ ਸ਼ਾਨਦਾਰ ਪੱਤਰ ਮਿਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇੱਕ ਵਾਰ ਫਿਰ ਉੱਤਰ ਕੋਰੀਆ ਨਾਲ ਗੱਲਬਾਤ ਜਾਰੀ ਰੱਖਣ ਦੀ ਇੱਛਾ ਜ਼ਾਹਰ ਕੀਤੀ। ਯਾਦ ਰਹੇ ਇੱਕ ਮਹੀਨੇ ਪਹਿਲਾਂ ਹੀ ਉੱਤਰ ਕੋਰੀਆ ਦੇ ਮਿਸਾਈਲ ਟੈਸਟ ਮਗਰੋਂ ਟਰੰਪ ਨੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਸੀ ਕਿ ਕਿਮ ਗੱਲਬਾਤ ਦੇ ਇੱਛੁੱਕ ਨਹੀਂ ਹਨ। ਇਸ ਮਗਰੋਂ ਕਿਮ ਨੇ ਵੀ ਚੇਤਾਵਨੀ ਦਿੱਤੀ ਸੀ।
ਦਰਅਸਲ ਪਿਛਲੇ ਮਹੀਨੇ ਉੱਤਰ ਕੋਰੀਆ ਨੇ ਲੰਮੀ ਦੂਰੀ ਦੀਆਂ ਮਿਸਾਈਲਾਂ ਦਾ ਟੈਸਟ ਕੀਤਾ ਸੀ। ਇਸ ਦੌਰਾਨ ਕਿਮ ਖ਼ੁਦ ਪ੍ਰੀਖਣ ਦੇਖਣ ਲਈ ਮੌਜੂਦ ਸਨ। ਅਮਰੀਕਾ ਤੇ ਦੱਖਣ ਕੋਰੀਆ ਨੇ ਇਸ ਨੇ ਇਸ ਟੈਸਟ ਦੀ ਪੁਸ਼ਟੀ ਵੀ ਕੀਤੀ ਸੀ। ਹਾਲਾਂਕਿ ਟਰੰਪ ਨੇ ਮੰਗਲਵਾਰ ਨੂੰ ਉਸ ਘਟਨਾ ਨੂੰ ਨਜ਼ਰਅੰਦਾਜ਼ ਕਰਦਿਆਂ ਕਿਹਾ ਸੀ ਕਿ ਕਿਮ ਆਪਣੀ ਗੱਲ 'ਤੇ ਕਾਇਮ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਇਹ ਉਨ੍ਹਾਂ ਲਈ ਕਾਫੀ ਅਹਿਮ ਹੈ।
ਅਮਰੀਕੀ ਰਾਸ਼ਟਰਪਤੀ ਨੇ ਇਹ ਨਹੀਂ ਦੱਸਿਆ ਕਿ ਚਿੱਠੀ ਵਿੱਚ ਲਿਖਿਆ ਕੀ ਸੀ ਪਰ ਉਨ੍ਹਾਂ ਤਾਨਾਸ਼ਾਹ ਕਿਮ ਨਾਲ ਤੀਜੀ ਵਾਰ ਵਾਰਤਾ ਵਿੱਚ ਦਿਲਚਸਪੀ ਦਿਖਾਈ। ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਮੁਲਾਕਾਤ ਤੀਜੀ ਵਾਰ ਵੀ ਹੋ ਸਕਦੀ ਹੈ ਪਰ ਮਾਹੌਲ ਠੀਕ ਹੋਣਾ ਜ਼ਰੂਰੀ ਹੈ। ਉੱਤਰ ਕੋਰੀਆ ਦੇ ਤਿਆਰ ਹੋਣ ਬਾਅਦ ਹੀ ਉਹ ਤਿਆਰ ਹੋਣਗੇ।

© 2016 News Track Live - ALL RIGHTS RESERVED