ਐਫ਼-16 ਜੰਗੀ ਜਹਾਜ਼ ਡੇਗ ਲੈਣ ਦੇ ਭਾਰਤੀ ਦਾਅਵਿਆਂ ਨੂੰ ਮੁੜ ਖ਼ਾਰਜ ਕਰ ਦਿੱਤਾ

May 01 2019 03:37 PM
ਐਫ਼-16 ਜੰਗੀ ਜਹਾਜ਼ ਡੇਗ ਲੈਣ ਦੇ ਭਾਰਤੀ ਦਾਅਵਿਆਂ ਨੂੰ ਮੁੜ ਖ਼ਾਰਜ ਕਰ ਦਿੱਤਾ

ਇਸਲਾਮਾਬਾਦ:

ਪਾਕਿਸਤਾਨੀ ਫੌਜ ਨੇ ਐਫ਼-16 ਜੰਗੀ ਜਹਾਜ਼ ਡੇਗ ਲੈਣ ਦੇ ਭਾਰਤੀ ਦਾਅਵਿਆਂ ਨੂੰ ਮੁੜ ਖ਼ਾਰਜ ਕਰ ਦਿੱਤਾ ਹੈ। ਪਾਕਿਸਤਾਨ ਨੇ ਕਿਹਾ ਕਿ ਜੰਗੀ ਜਹਾਜ਼ ਨੁਕਸਾਨੇ ਜਾਣ ਦੀ ਗੱਲ ਨੂੰ ਲੁਕੋਇਆ ਨਹੀਂ ਜਾ ਸਕਦਾ। ਅੱਜ ਦੀ ਦੁਨੀਆ ਵਿੱਚ ਅਜਿਹਾ ਮੁਮਕਿਨ ਨਹੀਂ ਕਿਉਂਕਿ ਮੋਟਰਸਾਈਕਲ ਨਾਲ ਵੀ ਕੋਈ ਹਾਦਸਾ ਹੁੰਦਾ ਹੈ ਤਾਂ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ।
ਭਾਰਤ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੇ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਦਹਿਸ਼ਤੀ ਟਿਕਾਣੇ ’ਤੇ ਹਵਾਈ ਹਮਲਿਆਂ ਤੋਂ ਅਗਲੇ ਦਿਨ 27 ਫਰਵਰੀ ਨੂੰ ਭਾਰਤੀ ਫ਼ੌਜ ਦੇ ਮਿਗ 21 ਨੇ ਅਮਰੀਕਾ ਦੇ ਬਣੇ ਐਫ-16 ਜੰਗੀ ਜਹਾਜ਼ ਨੂੰ ਸੁੱਟ ਲਿਆ ਸੀ। ਹਾਲਾਂਕਿ ਪਾਕਿਸਤਾਨ ਲਗਾਤਾਰ ਭਾਰਤੀ ਫੌਜ ਦੇ ਇਸ ਦਾਅਵੇ ਤੋਂ ਇਨਕਾਰ ਕਰਦਾ ਰਿਹਾ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਦੋਵਾਂ ਮੁਲਕਾਂ ਦਰਮਿਆਨ ਕਈ ਹਫ਼ਤਿਆਂ ਤੱਕ ਚੱਲੇ ਤਣਾਅ ਦੌਰਾਨ ਕਿਸੇ ਜੰਗੀ ਜਹਾਜ਼ ਨੂੰ ਨੁਕਸਾਨ ਨਹੀਂ ਪੁੱਜਾ। ਪਾਕਿਸਤਾਨ ਦਾ ਦਾਅਵਾ ਹੈ ਕਿ ਉਸ ਨੇ ਹਵਾਈ ਟਕਰਾਅ ਦੌਰਾਨ ਭਾਰਤੀ ਹਵਾਈ ਫ਼ੌਜ ਦੇ ਦੋ ਜਹਾਜ਼ ਸੁੱਟੇ ਹਨ।
ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫ਼ੂਰ ਨੇ ਰਾਵਲਪਿੰਡੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਭਾਰਤ ਦੇ ਦੋ ਜੰਗੀ ਜਹਾਜ਼ ਡੇਗੇ ਹਨ। ਪੂਰੀ ਦੁਨੀਆ ਨੇ ਉਨ੍ਹਾਂ ਦਾ ਮਲਬਾ ਵੇਖਿਆ ਹੈ, ਪਰ ਤੁਸੀਂ ਅਜੇ ਵੀ ਦਾਅਵਾ ਕਰਦੇ ਹੋ ਕਿ ਉਨ੍ਹਾਂ ਦੋ ਵਿੱਚੋਂ ਇੱਕ ਜਹਾਜ਼ ਸਾਡਾ ਸੀ ਤੇ ਸਾਡਾ ਇੱਕ ਪਾਇਲਟ ਮਾਰਿਆ ਗਿਆ। ਅਸੀਂ ਸ਼ੁਰੂਆਤ ਵਿੱਚ ਕਿਹਾ ਸੀ ਕਿ ਅਸੀਂ ਦੋ ਪਾਇਲਟ ਫੜੇ ਹਨ, ਪਰ ਬਾਅਦ ਵਿੱਚ ਕਿਹਾ ਕਿ ਸਾਡੇ ਕੋਲ ਇੱਕ ਹੀ ਪਾਇਲਟ ਹੈ। ਤੁਸੀਂ ਕਹਿੰਦੇ ਹੋ ਕਿ ਅਸੀਂ ਬਿਆਨ ਇਸ ਲਈ ਬਦਲਿਆ ਕਿਉਂਕਿ ਉਨ੍ਹਾਂ ਵਿੱਚੋਂ ਇੱਕ ਪਾਇਲਟ ਸਾਡਾ ਸੀ।’

© 2016 News Track Live - ALL RIGHTS RESERVED