ਇਤਿਹਾਸਕ ਡਿਓਢੀ ਨੂੰ ਢਾਹੇ ਜਾਣ ਦੇ ਮਾਮਲੇ ਵਿੱਚ ਪੁਲਿਸ ਕੇਸ ਦਰਜ ਹੋਵੇਗਾ

Apr 06 2019 03:51 PM
ਇਤਿਹਾਸਕ ਡਿਓਢੀ ਨੂੰ ਢਾਹੇ ਜਾਣ ਦੇ ਮਾਮਲੇ ਵਿੱਚ ਪੁਲਿਸ ਕੇਸ ਦਰਜ ਹੋਵੇਗਾ

ਅੰਮ੍ਰਿਤਸਰ:

ਦਰਬਾਰ ਸਾਹਿਬ ਸ੍ਰੀ ਤਰਨ ਤਾਰਨ ਸਾਹਿਬ ਦੀ ਇਤਿਹਾਸਕ ਡਿਓਢੀ ਨੂੰ ਢਾਹੇ ਜਾਣ ਦੇ ਮਾਮਲੇ ਵਿੱਚ ਪੁਲਿਸ ਕੇਸ ਦਰਜ ਹੋਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਇਸ ਪੁਰਾਤਨ ਇਮਾਰਤ ਨੂੰ ਢਹਿ-ਢੇਰੀ ਕਰਨ ਦੇ ਮਾਮਲੇ ਦੀ ਜਾਂਚ ਸਬੰਧੀ ਬਣਾਈ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜ਼ਿੰਮੇਵਾਰਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਪੁਲੀਸ ਕਾਰਵਾਈ ਨੂੰ ਸਹਿਮਤੀ ਦੇ ਦਿੱਤੀ ਹੈ ਅਤੇ ਡਿਓਢੀ ਢਾਹੁਣ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਸਨਮੁਖ ਵੀ ਪੇਸ਼ ਕੀਤਾ ਜਾਵੇਗਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਕਮੇਟੀ ਨੇ ਮੁੱਢਲੀ ਰਿਪੋਰਟ ਤਿਆਰ ਕਰਕੇ ਸੌਂਪ ਦਿੱਤੀ ਹੈ, ਜਿਸ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿੰਮੇਵਾਰਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਾਉਣ ਲਈ ਸਬੰਧਿਤ ਸਕੱਤਰ ਨੂੰ ਸਿਫ਼ਾਰਸ਼ ਅਮਲ ਵਿਚ ਲਿਆਉਣ ਲਈ ਆਖ ਦਿੱਤਾ ਗਿਆ ਹੈ।ਉਨ੍ਹਾਂ ਆਖਿਆ ਕਿ ਦਰਸ਼ਨੀ ਡਿਉਢੀ ਢਾਹੇ ਜਾਣ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਹ ਧਾਰਮਿਕ ਤੇ ਮਰਿਆਦਾ ਸਬੰਧੀ ਅਵੱਗਿਆ ਦਾ ਮਾਮਲਾ ਹੈ ਤੇ ਇਸ ਨੂੰ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਰਸ਼ਨੀ ਡਿਉਢੀ ਦੀ ਪੁਰਾਤਨ ਇਮਾਰਤ ਦੀ ਪਹਿਲਾਂ ਵਾਂਗ ਹੂ-ਬ-ਹੂ ਮੁਰੰਮਤ ਕਰਵਾਈ ਜਾਵੇਗੀ। ਇਹ ਕਾਰਜ ਮਾਹਿਰਾਂ ਦੀ ਨਿਗਰਾਨੀ ਵਿਚ ਛੇ ਮਹੀਨਿਆਂ ’ਚ ਮੁਕੰਮਲ ਹੋਵੇਗਾ।
ਲੌਂਗੋਵਾਲ ਨੇ ਦੱਸਿਆ ਕਿ ਜਾਂਚ ਕਮੇਟੀ ਨੇ ਬਾਬਾ ਜਗਤਾਰ ਸਿੰਘ ਨੂੰ ਭਵਿੱਖ ਵਿੱਚ ਕਿਸੇ ਵੀ ਗੁਰਦੁਆਰੇ ਦੀ ਕਾਰ ਸੇਵਾ ਨਾ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਘਟਨਾ ਵਾਪਰਨ ਦੇ ਕਾਰਨਾਂ ਦੀ ਡੂੰਘਾਈ ਤੱਕ ਜਾਣ ਲਈ ਜਾਂਚ ਜਾਰੀ ਰੱਖੀ ਜਾਵੇਗੀ।

© 2016 News Track Live - ALL RIGHTS RESERVED