ਐਫ-16 ਜੰਗੀ ਜਹਾਜ਼ ਨੂੰ ਡੇਗਣ ਦੇ ਦਾਅਵੇ 'ਤੇ ਸਵਾਲ ਖੜ੍ਹੇ

Apr 06 2019 03:51 PM
ਐਫ-16 ਜੰਗੀ ਜਹਾਜ਼ ਨੂੰ ਡੇਗਣ ਦੇ ਦਾਅਵੇ 'ਤੇ ਸਵਾਲ ਖੜ੍ਹੇ

ਵਾਸ਼ਿੰਗਟਨ:

ਪੁਲਵਾਮਾ ਹਮਲੇ ਮਗਰੋਂ ਭਾਰਤ-ਪਾਕਿ ਵਿਚਾਲੇ ਪੈਦਾ ਹੋਣ ਤਣਾਅ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਦੋਵਾਂ ਦੇਸ਼ਾਂ ਵੱਲੋਂ ਹੋਈਆਂ ਹਵਾਈ ਝੜਪਾਂ ਬਾਰੇ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਹੁਣ ਅਮਰੀਕਾ ਨੇ ਭਾਰਤ ਵੱਲੋਂ ਪਾਕਿਸਤਾਨ ਦੇ ਐਫ-16 ਜੰਗੀ ਜਹਾਜ਼ ਨੂੰ ਡੇਗਣ ਦੇ ਦਾਅਵੇ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਅਮਰੀਕਾ ਦੇ ਮੋਹਰੀ ਰਸਾਲੇ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿੱਤੇ ਐਫ-16 ਜੰਗੀ ਜਹਾਜ਼ਾਂ ਵਿੱਚੋਂ ਕੋਈ ਵੀ ਲਾਪਤਾ ਨਹੀਂ ਤੇ ਸਾਰੇ ਜਹਾਜ਼ ਸਹੀ ਸਲਾਮਤ ਤੇ ਚੰਗੀ ਹਾਲਤ ਵਿੱਚ ਹਨ। ਅਮਰੀਕੀ ਰਸਾਲੇ ‘ਫੌਰੇਨ ਪਾਲਿਸੀ’ ਦਾ ਇਹ ਬਿਆਨ ਭਾਰਤ ਦੇ ਉਸ ਦਾਅਵੇ ਨੂੰ ਖਾਰਜ ਕਰਦਾ ਹੈ ਜਿਸ ਵਿੱਚ ਉਸ ਨੇ 27 ਫਰਵਰੀ ਨੂੰ ਪਾਕਿਸਤਾਨ ਨਾਲ ਹੋਏ ਹਵਾਈ ਟਕਰਾਅ ਦੌਰਾਨ ਗੁਆਂਢੀ ਮੁਲਕ ਦਾ ਐਫ-16 ਜੰਗੀ ਜਹਾਜ਼ ਸੁੱਟ ਲੈਣ ਦਾ ਦਾਅਵਾ ਕੀਤਾ ਸੀ।
ਇਸ ਪੂਰੇ ਮਾਮਲੇ ਨਾਲ ਸਿੱਧਾ ਰਾਬਤਾ ਰੱਖਣ ਵਾਲੇ ਅਮਰੀਕਾ ਦੇ ਦੋ ਸੀਨੀਅਰ ਰੱਖਿਆ ਅਧਿਕਾਰੀਆਂ ਨੇ ਰਸਾਲੇ ਨੂੰ ਦੱਸਿਆ ਕਿ ਅਮਰੀਕੀ ਅਮਲੇ ਨੇ ਹਾਲ ਹੀ ਵਿੱਚ ਪਾਕਿਸਤਾਨ ਦੇ ਐਫ-16 ਜੰਗੀ ਜਹਾਜ਼ਾਂ ਦੀ ਗਿਣਤੀ ਕੀਤੀ ਤੇ ਇਸ ਦੌਰਾਨ ਸਾਰੇ ਜਹਾਜ਼ ਮੌਜੂਦ ਸਨ। ਰਿਪੋਰਟ ’ਚ ਕਿਹਾ ਗਿਆ ਹੈ, ‘ਇਹ ਵੀ ਸੰਭਾਵਨਾ ਹੈ ਕਿ ਜੰਗ ਦੇ ਜੋਸ਼ ਵਿੱਚ ਪੁਰਾਣੇ ਮਿੱਗ-21 ਬਾਇਸਨ ਜਹਾਜ਼ ਨੂੰ ਉਡਾ ਰਹੇ ਵਰਤਮਾਨ ਨੇ ਪਾਕਿਸਤਾਨੀ ਐਫ਼-16 ’ਤੇ ਨਿਸ਼ਾਨਾ ਲਾ ਕੇ ਫਾਇਰ ਕੀਤਾ ਹੋਵੇ ਤੇ ਉਸ ਨੂੰ ਲੱਗਾ ਹੋਵੇ ਕਿ ਉਹਨੇ ਜਹਾਜ਼ ਨੂੰ ਹੇਠਾਂ ਸੁੱਟ ਲਿਆ।’
ਦੂਜੇ ਪਾਸੇ ਭਾਰਤੀ ਹਵਾਈ ਫੌਜ (ਆਈਏਐਫ਼) ਨੇ ਮੁੜ ਦਾਅਵਾ ਕੀਤਾ ਕਿ ਹਵਾਈ ਟਕਰਾਅ ਦੌਰਾਨ ਭਾਰਤੀ ਹਵਾਈ ਫ਼ੌਜ ਦੇ ਮਿੱਗ 21 ਬਾਇਸਨ ਨੇ ਨੌਸ਼ਹਿਰਾ ਸੈਕਟਰ ’ਚ ਐਫ਼-16 ਜੰਗੀ ਜਹਾਜ਼ ਨੂੰ ਹੇਠਾਂ ਸੁੱਟਿਆ ਸੀ।

© 2016 News Track Live - ALL RIGHTS RESERVED