ਰੇਲਵੇ ਸਿੱਖ ਸ਼ਰਧਾਲੂਆਂ ਨੂੰ ਖਾਸ ਤੋਹਫਾ ਦੇਣ ਜਾ ਰਹੀ

Dec 04 2018 05:05 PM
ਰੇਲਵੇ ਸਿੱਖ ਸ਼ਰਧਾਲੂਆਂ ਨੂੰ ਖਾਸ ਤੋਹਫਾ ਦੇਣ ਜਾ ਰਹੀ

ਨਵੀਂ ਦਿੱਲੀ:

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਰੇਲਵੇ ਸਿੱਖ ਸ਼ਰਧਾਲੂਆਂ ਨੂੰ ਖਾਸ ਤੋਹਫਾ ਦੇਣ ਜਾ ਰਹੀ ਹੈ। ਸਿੱਖਾਂ ਦੇ ਪੰਜ ਪਵਿੱਤਰ ਥਾਵਾਂ ਯਾਨੀ ਪੰਜ ਤਖ਼ਤਾਂ ਦੇ ਦਰਸ਼ਨ ਇੱਕ ਹੀ ਯਾਤਰਾ ‘ਚ ਕਰਵਾਉਣ ਲਈ ਰੇਲਵੇ ਜਲਦੀ ਹੀ ਸਪੈਸ਼ਲ ਟ੍ਰੇਨ ਚਲਾਉਣ ਦੀ ਪਲਾਨਿੰਗ ਕਰ ਰਹੀ ਹੈ। ਇਸ ਯੋਜਨਾ ਦਾ ਸਾਰਾ ਕੰਮ ਮੁਕੰਮਲ ਹੋ ਚੁੱਕਿਆ ਹੈ।
ਭਾਰਤੀ ਰੇਲ ਸਿੱਖਾਂ ਲਈ ਚੱਲਣ ਵਾਲੀ ਇਸ ਟ੍ਰੇਨ ਨੂੰ ‘ਪੰਜ ਤਖ਼ਤ ਐਕਸਪ੍ਰੈਸ’ ਦੇ ਨਾਂ ਨਾਲ ਚਲਾਉਣ ਵਾਲੀ ਹੈ ਜੋ ਦਿੱਲੀ ਤੋਂ ਸ਼ੁਰੂ ਹੋਵੇਗੀ ਤੇ ਇਸ ‘ਚ ਸੰਗਤਾਂ 10 ਦਿਨਾਂ ਤੇ 9 ਰਾਤਾਂ ਦਾ ਸਫਰ ਕਰ ਵਾਪਸ ਦਿੱਲੀ ਆਉਣਗੇ। ਇਸ ਸਫਰ ਦੌਰਾਨ ਯਾਤਰੀਆਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਖੁਦ ਰੇਲਵੇ ਵੱਲੋਂ ਹੀ ਕੀਤਾ ਜਾਵੇਗਾ।
ਜੇਕਰ ਇਸ ਦੇ ਰੂਟ ਦੀ ਗੱਲ ਕਰੀਏ ਤਾਂ ਟ੍ਰੇਨ ਦਿੱਲੀ ਦੇ ਸਫਦਰ ਜੰਗ ਤੋਂ ਸ਼ੁਰੂ ਹੋ ਕੇ ਸਭ ਤੋਂ ਪਹਿਲਾਂ ਨਾਂਦੇੜ ਦੇ ਹਜ਼ੂਰ ਸਾਹਿਬ ਦੇ ਦਰਸ਼ਨ ਕਰਾਵੇਗੀ। ਇੱਥੇ ਇੱਕ ਦਿਨ ਤੇ ਇੱਕ ਰਾਤ ਰੁਕਣ ਤੋਂ ਬਾਅਦ ਅਗਲੇ ਦਿਨ ਟ੍ਰੇਨ ਪਟਨਾ ਸਾਹਿਬ ਪਹੁੰਚੇਗੀ। ਰੇਲ ਦਾ ਅਗਲਾ ਸਟੇਸ਼ਨ ਹੋਵੇਗਾ ਆਨੰਦਪੁਰ ਸਾਹਿਬ, ਜਿੱਥੇ ਦਰਸ਼ਨਾਂ ਤੋਂ ਬਾਅਦ ਯਾਤਰੀ ਜਾਣਗੇ ਅੰਮ੍ਰਿਤਸਾਰ ਸਾਹਿਬ ਤੇ ਉਨ੍ਹਾਂ ਨੂੰ ਆਖਰ ‘ਚ ਦਰਸ਼ਨ ਹੋਣਗੇ ਦਮਦਮਾ ਸਾਹਿਬ ਦੇ।
ਰੇਲ ਆਪਣਾ ਪਹਿਲਾ ਟ੍ਰਿਪ 14 ਜਨਵਰੀ ਤੋਂ ਸ਼ੁਰੂ ਕਰ ਰਹੀ ਹੈ, ਜਿਸ ’ਚ ਕੋਈ ਜਨਰਲ ਡੱਬਾ ਨਹੀਂ ਹੋਵੇਗਾ ਤੇ ਸਾਰੇ ਕੋਚ ਥਰਡ ਏਸੀ ਹੋਣਗੇ। ਹਰ ਟ੍ਰਿਪ ‘ਚ 800 ਯਾਰਤੀ ਸਫਰ ਕਰ ਸਕਦੇ ਹਨ ਜਿਸ ‘ਚ ਮਿਲਣ ਵਾਲੀਆਂ ਸਾਰੀਆਂ ਸੁਵਿਧਾਵਾਂ ਤੋਂ ਬਾਅਦ 15,750 ਰੁਪਏ ਇੱਕ ਯਾਰਤੀ ਦੇ ਪੇਕੇਜ ਦੇ ਹੋਣਗੇ।
ਹਾਲ ਹੀ ‘ਚ ਰੇਲਵੇ ਨੇ ਭਗਵਾਨ ਰਾਮ ਨਾਲ ਜੁੜੀਆਂ ਥਾਂਵਾਂ ਦੇ ਦਰਸ਼ਨਾਂ ਲਈ ਸਪੈਸ਼ਲ ਟ੍ਰੇਨ ਸ਼ੁਰੂ ਕੀਤੀ ਹੈ ਜਿਸ ਤੋਂ ਬਾਅਦ ਸਿੱਖਾਂ ਨੇ ਵੀ ਇੱਕ ਅਜਿਹੀ ਹੀ ਖਾਸ ਰੇਲ ਦੀ ਮੰਗ ਕੀਤੀ ਸੀ ਜੋ ਉਨ੍ਹਾਂ ਨੂੰ ਪੰਜ ਤਖ਼ਤਾਂ ਦੇ ਦਰਸ਼ਨ ਕਰਵਾ ਸਕੇ। ਸਿੱਖਾਂ ਦੀ ਮੰਗ ਨੂੰ ਰੇਲਵੇ ਨੇ ਸਰਕਾਰ ਦਾ ਤਾਜ਼ਾ ਰੁਖ ਦੇਖਦੇ ਹੋਏ ਤੁਰੰਤ ਮੰਨ ਲਿਆ।

© 2016 News Track Live - ALL RIGHTS RESERVED