ਗਲੋਬਲ ਵਾਰਮਿੰਗ ਦੀ ਵਜ੍ਹਾ ਕਰ ਕੇ ਬੀਅਰ ਵੀ ਮਹਿੰਗੀ ਹੋ ਜਾਵੇਗੀ

ਗਲੋਬਲ ਵਾਰਮਿੰਗ ਦੀ ਵਜ੍ਹਾ ਕਰ ਕੇ ਬੀਅਰ ਵੀ ਮਹਿੰਗੀ ਹੋ ਜਾਵੇਗੀ

ਨਵੀਂ ਦਿੱਲੀ

 ਗਲੋਬਲ ਵਾਰਮਿੰਗ ਪੂਰੀ ਦੁਨੀਆ ਲਈ ਇਕ ਵੱਡਾ ਖਤਰਾ ਬਣਦਾ ਜਾ ਰਿਹਾ ਹੈ। ਜੀ ਹਾਂ, ਗਲੋਬਲ ਵਾਰਮਿੰਗ ਦਾ ਅਸਰ ਤਾਪਮਾਨ 'ਤੇ ਹੀ ਨਹੀਂ ਸਗੋਂ ਸਾਡੇ ਖਾਣ-ਪੀਣ ਦੀਆਂ ਚੀਜ਼ਾਂ 'ਤੇ ਵੀ ਪੈ ਰਿਹਾ ਹੈ। ਇਹ ਗੱਲ ਵਿਗਿਆਨੀਆਂ ਨੇ ਆਖੀ ਹੈ, ਵਿਗਿਆਨੀਆਂ ਮੁਤਾਬਕ ਗਲੋਬਲ ਵਾਰਮਿੰਗ ਦੀ ਵਜ੍ਹਾ ਕਰ ਕੇ ਬੀਅਰ ਵੀ ਮਹਿੰਗੀ ਹੋ ਜਾਵੇਗੀ। ਵਿਗਿਆਨੀਆਂ ਵਲੋਂ ਕੀਤੀ ਗਈ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਤ ਤੇਜ਼ ਗਰਮੀ ਅਤੇ ਸੋਕਾ ਵਧਣ ਕਾਰਨ ਜੌਂ ਦੀ ਖੇਤੀ ਪ੍ਰਭਾਵਿਤ ਹੋਵੇਗੀ। ਅਨੁਮਾਨ ਹੈ ਕਿ ਜੌਂ ਦੇ ਉਤਪਾਦਨ ਵਿਚ 17 ਫੀਸਦੀ ਤਕ ਦੀ ਕਮੀ ਆ ਜਾਵੇਗੀ। ਇਸ ਵਜ੍ਹਾ ਕਰ ਕੇ ਬੀਅਰ ਦੀ ਕੀਮਤ ਦੁੱਗਣੀ ਹੋ ਜਾਵੇਗੀ। ਇਸ ਤਰ੍ਹਾਂ ਬੀਅਰ ਪੀਣ ਵਾਲੇ ਸ਼ੌਕੀਨਾਂ ਲਈ ਝਟਕੇ ਵਾਲੀ ਖਬਰ ਹੈ।

ਇੱਥੇ ਦੱਸ ਦੇਈਏ ਕਿ ਦੁਨੀਆ ਭਰ 'ਚ ਜੌਂ ਦੀ ਵਰਤੋਂ ਵੱਖ-ਵੱਖ ਰੂਪ ਵਿਚ ਕੀਤੀ ਜਾਂਦੀ ਹੈ। ਬੀਅਰ ਬਣਾਉਣ 'ਚ ਵਰਤੋਂ ਤੋਂ ਇਲਾਵਾ ਇਸ ਨੂੰ ਪਸ਼ੂਆਂ ਨੂੰ ਖੁਆਉਣ ਲਈ ਵਰਤਿਆ ਜਾਂਦਾ ਹੈ। ਅਮਰੀਕਾ, ਬ੍ਰਾਜ਼ੀਲ ਅਤੇ ਚੀਨ 'ਚ ਬੀਅਰ ਬਣਾਉਣ ਲਈ ਜੌਂ ਦੀ ਵਰਤੋਂ ਹੁੰਦੀ ਹੈ। ਕੁੱਲ ਉਤਪਾਦਨ ਦਾ ਸਿਰਫ 20 ਫੀਸਦੀ ਬੀਅਰ ਬਣਾਉਣ 'ਚ ਇਸਤੇਮਾਲ ਹੁੰਦਾ ਹੈ।

ਆਇਰਲੈਂਡ ਵਰਗੇ ਦੇਸ਼ ਜਿੱਥੇ ਬੀਅਰ ਬਣਾਉਣ ਦੀ ਲਾਗਤ ਪਹਿਲਾਂ ਤੋਂ ਹੀ ਜ਼ਿਆਦਾ ਹੈ, ਉੱਥੇ ਕੀਮਤ 3 ਗੁਣਾ ਹੋ ਜਾਵੇਗੀ। ਵਿਗਿਆਨੀਆਂ ਵਲੋਂ ਕੀਤੀ ਗਈ ਰਿਸਰਚ ਦਾ ਮਕਸਦ ਇਹ ਪਤਾ ਲਾਉਣਾ ਸੀ ਕਿ ਗਲੋਬਲ ਵਾਰਮਿੰਗ ਦਾ ਸਾਡੀ ਰੋਜ਼ਾਨਾ ਦੀ ਜ਼ਿੰਦਗੀ 'ਤੇ ਕੀ ਅਸਰ ਹੋ ਰਿਹਾ ਹੈ ਜਾਂ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ (ਯੂ. ਐੱਨ.) ਨੇ ਵੀ ਆਪਣੀ ਰਿਪੋਰਟ ਵਿਚ ਮੌਸਮ 'ਚ ਤਬਦੀਲੀ (ਜਲਵਾਯੂ ਪਰਿਵਰਤਨ) ਦੇ ਖਤਰਿਆਂ ਬਾਰੇ ਦੱਸਿਆ ਗਿਆ ਸੀ। ਰਿਪੋਰਟ ਮੁਤਾਬਕ ਮੌਸਮ 'ਚ ਤਬਦੀਲੀ ਦੀ ਵਜ੍ਹਾ ਕਰ ਕੇ ਪੀਣ ਵਾਲੇ ਪਾਣੀ ਅਤੇ ਭੋਜਨ ਦੀ ਵੱਡੇ ਪੱਧਰ 'ਤੇ ਕਮੀ ਹੋਵੇਗੀ। ਤੇਜ਼ ਗਰਮੀ, ਸਮੁੰਦਰੀ ਪਾਣੀ ਦੇ ਪੱਧਰ ਅਤੇ ਬੀਮਾਰੀਆਂ ਵੀ ਜ਼ਿਆਦਾ ਹੋਣਗੀਆਂ। ਜਲਵਾਯੂ ਪਰਿਵਰਤਨ ਅਤੇ ਭੋਜਨ 'ਤੇ ਸ਼ੋਧ ਕਰਨ ਵਾਲੇ ਵਿਗਿਆਨੀਆਂ ਲਈ ਇਹ ਸਭ ਤੋਂ ਵੱਡੀਆਂ ਚੁਣੌਤੀਆਂ ਵਿਚੋਂ ਇਕ ਹੈ ਕਿ ਇਸ ਨੂੰ ਤਰੀਕੇ ਨਾਲ ਦਰਸਾਉਣਾ ਹੈ, ਜਿਸ ਨੂੰ ਲੋਕ ਸਮਝ ਸਕਣ।

© 2016 News Track Live - ALL RIGHTS RESERVED