ਭਾਰਤ-ਪਾਕਿਸਤਾਨ ਦਰਮਿਆਨ ਜਾਰੀ ਖ਼ਤਰਨਾਕ ਤਣਾਅ ਦੇ ਖ਼ਤਮ ਹੋਣ ਦਾ ਐਲਾਨ

ਭਾਰਤ-ਪਾਕਿਸਤਾਨ ਦਰਮਿਆਨ ਜਾਰੀ ਖ਼ਤਰਨਾਕ ਤਣਾਅ ਦੇ ਖ਼ਤਮ ਹੋਣ ਦਾ ਐਲਾਨ

ਹਨੋਈ:

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਅਤਨਾਮ ਦੌਰੇ 'ਤੇ ਭਾਰਤ-ਪਾਕਿਸਤਾਨ ਦਰਮਿਆਨ ਜਾਰੀ ਖ਼ਤਰਨਾਕ ਤਣਾਅ ਦੇ ਖ਼ਤਮ ਹੋਣ ਦਾ ਐਲਾਨ ਕੀਤਾ ਹੈ। ਟਰੰਪ ਨੇ ਉੱਤਰ ਕੋਰਿਆਈ ਰਾਸ਼ਟਰਪਤੀ ਕਿਮ ਜੋਂਗ ਉਨ ਨਾਲ ਵੀਅਤਨਾਮ ਵਿੱਚ ਮੁਲਾਕਾਤ ਤੋਂ ਮਗਰੋਂ ਪ੍ਰੈਸ ਕਾਨਫ਼ਰੰਸ ਦੌਰਾਨ ਭਾਰਤ-ਪਾਕਿਸਤਾਨ ਬਾਰੇ ਐਲਾਨ ਕੀਤਾ।
ਟਰੰਪ ਨੇ ਆਪਣੇ ਸਕੱਤਰ ਮਾਈਕ ਪੋਂਪੀਓ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਣੇ-ਹੁਣੇ ਚੰਗੀ ਖ਼ਬਰ ਪ੍ਰਾਪਤ ਹੋਈ ਹੈ ਅਤੇ ਉਮੀਦ ਹੈ ਕਿ ਭਾਰਤ ਤੇ ਪਾਕਿਸਤਾਨ ਵਿੱਚ ਜਾਰੀ ਤਣਾਅ ਖ਼ਤਮ ਹੋਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਦੋਵਾਂ ਦੇਸ਼ਾਂ ਨਾਲ ਗੱਲਬਾਤ ਕਰ ਰਿਹਾ ਹੈ ਤੇ ਇਹ ਸੰਕਟ ਹੱਲ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਜੈਸ਼-ਏ-ਮੁਹੰਮਦ ਨੇ ਕਸ਼ਮੀਰ ਦੇ ਪੁਲਵਾਮਾ ਨੇੜੇ ਸੀਆਰਪੀਐਫ ਦੇ ਕਾਫਲੇ 'ਤੇ ਫਿਦਾਈਨ ਹਮਲਾ ਕੀਤਾ ਸੀ, ਜਿਸ ਵਿੱਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਮਗਰੋਂ ਬੀਤੀ 26 ਫਰਵਰੀ ਨੂੰ ਭਾਰਤ ਨੇ ਪਾਕਿਸਤਾਨ ਦੇ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਭਾਰੀ ਬੰਬਾਰੀ ਕੀਤੀ ਸੀ।
ਇਸ ਤੋਂ ਅਗਲੇ ਦਿਨ ਪਾਕਿਸਤਾਨ ਨੇ ਭਾਰਤੀ ਸਰਹੱਦ 'ਤੇ ਲੜਾਕੂ ਜਹਾਜ਼ਾਂ ਨਾਲ ਬੰਬ ਸੁੱਟੇ। ਦੋਵਾਂ ਦੇਸ਼ਾਂ ਵੱਲੋਂ ਬਰਾਬਰ ਦੀ ਹਵਾਈ ਕਾਰਵਾਈ ਸਦਕਾ ਹਾਲਾਤ ਬੇਹੱਦ ਤਣਾਅਪੂਰਨ ਹਨ। ਹੁਣ ਅਮਰੀਕਾ ਨੇ ਇਸ ਤਣਾਅ ਦੇ ਖ਼ਤਮ ਹੋਣ ਦੇ ਸੰਕੇਤ ਦਿੱਤੇ ਹਨ। ਅੱਜ ਸ਼ਾਮ ਨੂੰ ਭਾਰਤੀ ਫ਼ੌਜਾਂ ਤੇ ਸਰਕਾਰ ਦੀ ਸੰਯੁਕਤ ਪ੍ਰੈਸ ਕਾਨਫਰੰਸ ਵੀ ਹੈ, ਹੋ ਸਕਦਾ ਹੈ ਉਸ ਵਿੱਚ ਅਜਿਹਾ ਹੀ ਕੁਝ ਐਲਾਨ ਕੀਤਾ ਜਾਵੇ।

© 2016 News Track Live - ALL RIGHTS RESERVED