ਨਵੇਂ ਮੁੱਖ ਮੰਤਰੀ ਦੇ ਨਾਂ 'ਤੇ ਕੋਈ ਫੈਸਲਾ ਨਹੀਂ ਹੋਇਆ

ਨਵੇਂ ਮੁੱਖ ਮੰਤਰੀ ਦੇ ਨਾਂ 'ਤੇ ਕੋਈ ਫੈਸਲਾ ਨਹੀਂ ਹੋਇਆ

ਪਣਜੀ:

ਮਨੋਹਰ ਪਰੀਕਰ ਦੇ ਅਕਾਲ ਚਲਾਣੇ ਮਗਰੋਂ ਮੁੱਖ ਮੰਤਰੀ ਚੁਣਨ ਲਈ ਗੋਆ ਵਿੱਚ ਐਤਵਾਰ ਰਾਤ ਭਾਰਤੀ ਜਨਤਾ ਪਾਰਟੀ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੀ ਬੈਠਕ ਸੱਦੀ ਗਈ। ਹਾਲਾਂਕਿ, ਨਵੇਂ ਮੁੱਖ ਮੰਤਰੀ ਦੇ ਨਾਂ 'ਤੇ ਕੋਈ ਫੈਸਲਾ ਨਹੀਂ ਹੋਇਆ ਕਿਉਂਕਿ ਸਹਿਯੋਗੀ ਪਾਰਟੀਆਂ ਪਰੀਕਰ ਦਾ ਸਾਥ ਦੇਣ ਲਈ ਤਿਆਰ ਸਨ ਪਰ ਭਾਜਪਾ ਦੇ ਨਾਂ 'ਤੇ ਉਹ ਕੰਨੀ ਕਤਰਾ ਰਹੇ ਹਨ।
ਭਾਰਤੀ ਜਨਤਾ ਪਾਰਟੀ ਨੇ ਗੋਆ ਫਾਰਵਰਡ ਪਾਰਟੀ, ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਤੇ ਆਜ਼ਾਦ ਵਿਧਾਇਕਾਂ ਨਾਲ ਰਲ ਕੇ ਸਰਕਾਰ ਕਾਇਮ ਕੀਤੀ ਸੀ। ਹੁਣ ਜੀਐਫਪੀ ਦੇ ਮੁਖੀ ਵਿਜੈ ਸਰਦੇਸਾਈ ਨੇ ਕਿਹਾ ਕਿ ਉਨ੍ਹਾਂ ਦਾ ਸਮਰਥਨ ਪਰੀਕਰ ਜੀ ਨੂੰ ਸੀ ਨਾ ਕਿ ਭਾਜਪਾ ਨੂੰ। ਉਨ੍ਹਾਂ ਕਿਹਾ ਕਿ ਜਦ ਉਹ ਨਹੀਂ ਰਹੇ ਤਾਂ ਵਿਕਲਪ ਲਈ ਉਨ੍ਹਾਂ ਦੇ ਰਸਤੇ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਦਨ ਭੰਗ ਕੀਤਾ ਜਾਵੇ ਤੇ ਹੁਣ ਅਸੀਂ ਭਾਜਪਾ ਦੇ ਅਗਲੇ ਕਦਮ ਦਾ ਇੰਤਜ਼ਾਰ ਕਰਾਂਗੇ।
ਉੱਧਰ, ਐਮਜੀਪੀ ਦੇ ਵਿਧਾਇਕ ਸੁਦੀਨ ਧਵਲੀਕਰ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਹਨ। ਹਾਲਾਂਕਿ, ਉਨ੍ਹਾਂ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਕੁਝ ਸਮੇਂ ਬਾਅਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰਨਗੇ, ਜਿਸ ਮਗਰੋਂ ਉਹ ਤੈਅ ਕਰਨਗੇ ਕਿ ਭਾਜਪਾ ਦਾ ਸਮਰਥਨ ਕਰਨਾ ਹੈ ਕਿ ਨਾ।
ਐਮਜੀਪੀ ਤੇ ਜੀਐਫਪੀ ਕੋਲ 3-3 ਵਿਧਾਇਕ ਹਨ। ਇਸੇ ਦੌਰਾਨ ਗੋਆ ਦੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਕਾਂਗਰਸ ਨੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਭਾਜਪਾ ਆਪਣੀ ਸੱਤਾ ਬਚਾਉਣ ਵਿੱਚ ਸਫਲ ਰਹਿੰਦੀ ਹੈ ਜਾਂ ਕਾਂਗਰਸ ਭਾਜਪਾ ਦੀ ਕੁਰਸੀ ਖੋਹਣ ਵਿੱਚ ਕਾਮਯਾਬ ਹੋਵੇਗੀ।

© 2016 News Track Live - ALL RIGHTS RESERVED