ਨਤੀਜਿਆਂ ਨੂੰ ਲੁੱਟਣ ਦਾ ਯਤਨ ਕੀਤਾ ਜਾ ਸਕਦਾ

ਨਤੀਜਿਆਂ ਨੂੰ ਲੁੱਟਣ ਦਾ ਯਤਨ ਕੀਤਾ ਜਾ ਸਕਦਾ

ਪਟਨਾ:

ਐਗਜ਼ਿਟ ਪੋਲ ਆਉਣ ਮਗਰੋਂ ਵਿਰੋਧੀ ਧਿਰਾਂ ਨੂੰ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦਾ ਸ਼ੱਕ ਹੈ। ਇਸ ਲਈ ਚੋਣ ਕਮਿਸ਼ਨ ਤੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਹੈ ਪਰ ਕੁਝ ਵੀ ਹੱਥ ਪੱਲੇ ਨਹੀਂ ਪਿਆ। ਇਸ ਲਈ ਵਿਰੋਧੀ ਧਿਰਾਂ ਖੁਦ ਹੀ ਵੋਟਿੰਗ ਮਸ਼ੀਨਾਂ ਦੀ ਰਾਖੀ ਲਈ ਡਟੀਆਂ ਹੋਈਆਂ ਹਨ। ਵਿਰੋਧੀਆਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਹੋਈ ਤਾਂ ਖੂਨ ਦੀਆਂ ਨਦੀਆਂ ਵਹਿ ਜਾਣਗੀਆਂ।
ਇਹ ਚੇਤਾਵਨੀ ਬਿਹਾਰ ਵਿੱਚ ਵਿਰੋਧੀ ਪਾਰਟੀਆਂ ਦੇ ਮਹਾਗੱਠਜੋੜ ਨੇ ਦਿੱਤੀ ਹੈ। ਉਨ੍ਹਾਂ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦਾ ਦੋਸ਼ ਲਾਉਂਦਿਆਂ ਚਿਤਾਵਨੀ ਦਿੱਤੀ ਕਿ ਲੋਕਾਂ ਵਿੱਚ ਇਸ ਖ਼ਿਲਾਫ਼ ਫੁੱਟ ਰਹੇ ਰੋਹ ਦੇ ਚੱਲਦਿਆਂ ਸੜਕਾਂ ’ਤੇ ਖ਼ੂਨ ਦੀਆਂ ਨਦੀਆਂ ਵਹਿ ਸਕਦੀਆਂ ਹਨ। ਆਰਜੇਡੀ ਦੇ ਸੂਬਾ ਪ੍ਰਮੁੱਖ ਰਾਮਚੰਦਰ ਪੂਰਵੇ, ਕਾਂਗਰਸ ਦੇ ਪ੍ਰਦੇਸ਼ ਮੁਖੀ ਮਦਨ ਮੋਹਨ ਝਾਅ ਤੇ ਮਹਾਗੱਠਜੋੜ ਦੇ ਆਗੂਆਂ ਨਾਲ ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਪ੍ਰਮੁੱਖ ਤੇ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਇਹ ਚੇਤਾਵਨੀ ਦਿੱਤੀ ਹੈ।
ਇਨ੍ਹਾਂ ਆਗੂਆਂ ਨੇ ਦੋਸ਼ ਲਾਇਆ ਕਿ ਚੋਣ ਸਰਵੇਖਣਾਂ ’ਚ ਬਿਹਾਰ ਵਿੱਚ ਐਨਡੀਏ ਨੂੰ 40 ਵਿੱਚੋਂ 30 ਜਾਂ ਇਸ ਤੋਂ ਵਧ ਸੀਟਾਂ ਦੇਣ ਵਾਲਾ ਅਨੁਮਾਨ ਗੁਮਰਾਹਕੁਨ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਵੇਖਣਾਂ ਦਾ ਇੱਕੋ-ਇੱਕ ਨਿਸ਼ਾਨਾ ਉਨ੍ਹਾਂ ਦੇ ਵਰਕਰਾਂ ਦੇ ਉਤਸ਼ਾਹ ਨੂੰ ਮੱਠਾ ਪਾਉਣਾ ਹੈ।
ਕੁਸ਼ਵਾਹਾ ਨੇ ਕਿਹਾ ਕਿ ਪਹਿਲਾਂ ਉਹ ਬੂਥ ਲੁੱਟੇ ਜਾਣ ਬਾਰੇ ਸੁਣਦੇ ਸਨ, ਪਰ ਐਤਕੀਂ ਖ਼ਦਸ਼ਾ ਹੈ ਕਿ ਨਤੀਜਿਆਂ ਨੂੰ ਲੁੱਟਣ ਦਾ ਯਤਨ ਕੀਤਾ ਜਾ ਸਕਦਾ ਹੈ। ਅਜਿਹਾ ਈਵੀਐਮ ਨਾਲ ਛੇੜਛਾੜ ਜਾਂ ਗਿਣਤੀ ਕੇਂਦਰਾਂ ਵਿੱਚ ਹੋਰਨਾਂ ਸਰਗਰਮੀਆਂ ਰਾਹੀਂ ਸੰਭਵ ਹੈ। ਉਨ੍ਹਾਂ ਐਨਡੀਏ ਆਗੂਆਂ ਨੂੰ ਅਜਿਹੇ ਕਿਸੇ ਗ਼ਲਤ ਕੰਮ ਤੋਂ ਵਰਜਦਿਆਂ ਲੋਕ ਰੋਹ ਦੇ ਚੱਲਦਿਆਂ ਸੜਕਾਂ ’ਤੇ ਖੂਨ ਦੀਆਂ ਨਦੀਆਂ ਵਗਣ ਦੀ ਚਿਤਾਵਨੀ ਦਿੱਤੀ ਹੈ।

© 2016 News Track Live - ALL RIGHTS RESERVED