ਪੰਜ ਲੱਖ ਤੋਂ ਵੱਧ ਜਿਨਸੀ ਅਪਰਾਧ ਦੇ ਦੋਸ਼ੀਆਂ ਦੀ ਜਾਣਕਾਰੀ ਅਪਲੋਡ

ਪੰਜ ਲੱਖ ਤੋਂ ਵੱਧ ਜਿਨਸੀ ਅਪਰਾਧ ਦੇ ਦੋਸ਼ੀਆਂ ਦੀ ਜਾਣਕਾਰੀ ਅਪਲੋਡ

ਨਵੀਂ ਦਿੱਲੀ:

ਭਾਰਤ ਵਿੱਚ ਸਖਤ ਕਾਨੂੰਨ ਬਣਨ ਦੇ ਬਾਵਜੂਦ ਔਰਤਾਂ ਦਾ ਸੋਸ਼ਣ ਘੱਟ ਹੁੰਦਾ ਨਜ਼ਰ ਨਹੀਂ ਆ ਰਿਹਾ। ਹੈਰਾਨੀ ਦੀ ਗੱਲ ਹੈ ਕਿ ਔਰਤਾਂ ਦਾ ਸੋਸ਼ਣ ਪਿੰਡਾਂ ਨਾਲੋਂ ਸ਼ਹਿਰਾਂ ਵਿੱਚ ਵੱਧ ਹੋ ਰਿਹਾ ਹੈ। ਇਸ ਤੋਂ ਸਪਸ਼ਟ ਹੈ ਕਿ ਸਮਾਜ ਵਿੱਚ ਸ਼ਾਖਰਤਾ ਵਧਣ ਦੇ ਬਾਵਜੂਦ ਮਨੁੱਖ ਦੀ ਸੋਚ ਨਹੀਂ ਬਦਲ ਰਹੀ।
ਭਾਰਤ ਵਿੱਚ ਔਰਤਾਂ ਦੀ ਹਾਲਤ ਸਰਕਾਰੀ ਅੰਕੜੇ ਹੀ ਸਪਸ਼ਟ ਕਰ ਦਿੰਦੇ ਹਨ। ਉਂਝ ਖੁਦ ਸਰਕਾਰੀ ਅਧਿਕਾਰੀ ਮੰਨਦੇ ਹਨ ਕਿ ਔਰਤਾਂ ਖਿਲਾਫ ਹਿੰਸਾ ਦੇ ਸਿਰਫ 10 ਤੋਂ 20 ਫੀਸਦੀ ਕੇਸ ਹੀ ਸਾਹਮਣੇ ਆਉਂਦੇ ਹਨ। ਜ਼ਿਆਦਾਤਰ ਸਮਾਜ ਦੇ ਡਰ ਕਾਰਨ ਅੰਦਰੇ ਹੀ ਦਬਾ ਦਿੱਤੇ ਜਾਂਦੇ ਹਨ। ਸਰਕਾਰ ਦੇ ਤਾਜ਼ਾ ਅੰਕੜੇ ਵੀ ਹੋਸ਼ ਉਡਾ ਦੇਣ ਵਾਲੇ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਪੰਜ ਲੱਖ ਤੋਂ ਵੱਧ ਬਲਾਤਕਾਰੀ ਬੇਨਕਾਬ ਕੀਤੇ ਗਏ ਹਨ।
ਦਰਅਸਲ ਔਰਤਾਂ ਖ਼ਿਲਾਫ਼ ਅਪਰਾਧ ਲਈ ਦੋਸ਼ੀ ਕਰਾਰ ਦਿੱਤੇ ਗਏ ਪੰਜ ਲੱਖ ਤੋਂ ਵੱਧ ਜਿਨਸੀ ਅਪਰਾਧੀਆਂ ਦੇ ਨਾਂ ਡੇਟਾਬੇਸ ਵਿਚ ਜੋੜੇ ਗਏ ਹਨ। ਕਾਨੂੰਨ ਲਾਗੂ ਕਰਵਾਉਣ ਵਾਲੀਆਂ ਏਜੰਸੀਆਂ ਦੇਸ਼ ਭਰ ਦੇ ਜਿਨਸੀ ਅਪਰਾਧ ਸਬੰਧੀ ਮਾਮਲਿਆਂ ਦੀ ਜਾਂਚ ਕਰਨ ਲਈ ਇਸ ਡੇਟਾਬੇਸ ਦੀ ਵਰਤੋਂ ਕਰ ਸਕਦੀਆਂ ਹਨ।ਅਧਿਕਾਰੀਆਂ ਨੇ ਦੱਸਿਆ ਕਿ ਜਿਨਸੀ ਅਪਰਾਧੀਆਂ ਦੀ ਕੌਮੀ ਰਜਿਸਟਰੀ ‘ਕੌਮੀ ਅਪਰਾਧ ਰਿਕਾਰਡ ਬਿਊਰੋ’ ਵੱਲੋਂ ਤਿਆਰ ਕੀਤਾ ਜਾਂਦੀ ਹੈ। ਇਸ ਵਿੱਚ ਅਜਿਹੇ ਵਿਅਕਤੀਆਂ ਦੇ ਅੰਕੜੇ ਹਨ ਜਿਨ੍ਹਾਂ ਨੂੰ ਜਬਰ-ਜਨਾਹ, ਗੈਂਗਰੇਪ, ਪੋਕਸੋ ਤੇ ਛੇੜਛਾੜ ਜਿਹੇ ਮਾਮਲਿਆਂ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ,‘ਹੁਣ ਤੱਕ ਪੰਜ ਲੱਖ ਤੋਂ ਵੱਧ ਜਿਨਸੀ ਅਪਰਾਧ ਦੇ ਦੋਸ਼ੀਆਂ ਦੀ ਜਾਣਕਾਰੀ ਅਪਲੋਡ ਕੀਤੀ ਜਾ ਚੁੱਕੀ ਹੈ।’ ਹਾਲਾਂਕਿ ਰਜਿਸਟਰੀ ਵਿੱਚ ਤਸਵੀਰਾਂ ਤੇ ਪਛਾਣ ਪੱਤਰ ਤੱਕ ਪਹੁੰਚ ਸਿਰਫ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਹੀ ਕੀਤੀ ਜਾ ਸਕਦੀ ਹੈ।
ਅਧਿਕਾਰੀ ਨੇ ਦੱਸਿਆ ਕਿ ਡੇਟਾਬੇਸ ਵਿਚ ਹਰ ਅਪਰਾਧੀ ਦਾ ਨਾਂ, ਪਤਾ, ਤਸਵੀਰ ਤੇ ਫਿੰਗਰਪ੍ਰਿੰਟ ਦੀ ਜਾਣਕਾਰੀ ਹੈ, ਹਾਲਾਂਕਿ ਗੋਪਨੀਅਤਾ ਬਾਰੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਹ ਰਿਕਾਰਡ ‘ਕ੍ਰਾਈਮ ਐਂਡ ਕ੍ਰਿਮੀਨਲ ਟਰੈਕਿੰਗ ਨੈੱਟਵਰਕ ਐਂਡ ਸਿਸਟਮਜ਼’ ਤੋਂ ਲਿਆ ਗਿਆ ਹੈ। ਇਹ ਡੇਟਾਬੇਸ ਗ੍ਰਹਿ ਮੰਤਰਾਲੇ ਦਾ ਇੱਕ ਪ੍ਰੋਗਰਾਮ ਹੈ।

© 2016 News Track Live - ALL RIGHTS RESERVED