ਕਾਂਗਰਸ ਵਿੱਚ ਕਾਫੀ ਹੱਲਚਲ

ਕਾਂਗਰਸ ਵਿੱਚ ਕਾਫੀ ਹੱਲਚਲ

ਨਵੀਂ ਦਿੱਲੀ:

ਲੋਕ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਕਾਂਗਰਸ ਵਿੱਚ ਕਾਫੀ ਹੱਲਚਲ ਹੈ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਅਸਤੀਫ਼ਾ ਦੇਣ ’ਤੇ ਅੜੇ ਹੋਏ ਹਨ। ਦੂਜੇ ਪਾਸੇ ਸੀਨੀਅਰ ਲੀਡਰਸ਼ਿਪ ਇਸ ਗੱਲ ਲਈ ਰਾਜ਼ੀ ਨਹੀਂ। ਇਸ ਕਰਕੇ ਭੰਬਲਭੁਸਾ ਬਣਿਆ ਹੋਇਆ ਹੈ। ਕੁਝ ਕਾਂਗਰਸੀ ਲੀਡਰ ਰਾਹੁਲ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਬਾਰੇ ਜਲਦ ਹੀ ਕਾਂਗਰਸ ਵਰਕਿੰਗ ਕਮੇਟੀ ਦੀ ਮੁੜ ਮੀਟਿੰਗ ਬੁਲਾਈ ਜਾ ਸਕਦੀ ਹੈ।ਕਾਂਗਰਸੀ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ’ਤੇ ਅੜੇ ਹੋਏ ਹਨ। ਉਨ੍ਹਾਂ ਵੱਲੋਂ ਕਈ ਆਗੂਆਂ ਨੂੰ ਸੁਨੇਹਾ ਲਾ ਦਿੱਤਾ ਗਿਆ ਹੈ ਕਿ ਪਾਰਟੀ ਦੀ ਪ੍ਰਧਾਨਗੀ ਕਿਸੇ ਨਵੇਂ ਚਿਹਰੇ ਨੂੰ ਦਿੱਤੀ ਜਾਵੇ। ਉਧਰ, ਹਾਰ ਮਗਰੋਂ ਪਾਰਟੀ ਵਿੱਚ ਫੈਲੀ ਬੇਚੈਨੀ ਦੌਰਾਨ ਪਾਰਟੀ ਦੇ ਕਈ ਸੂਬਾ ਪ੍ਰਧਾਨਾਂ ਨੇ ਅਸਤੀਫ਼ਿਆਂ ਦੀ ਪੇਸ਼ਕਸ਼ ਕੀਤੀ ਹੈ। ਅਜੇ ਤੱਕ ਅਸੀਫਿਆਂ ਬਾਰੇ ਕੁਝ ਵੀ ਸਪਸ਼ਟ ਨਹੀਂ ਹੋ ਰਿਹਾ।
ਰਾਹੁਲ ਗਾਂਧੀ ਪਾਰਟੀ ਅੰਦਰ ਕੁਨਬਾਪ੍ਰਸਤੀ ਤੋਂ ਵੀ ਕਾਫੀ ਖ਼ਫ਼ਾ ਹਨ। ਉਨ੍ਹਾਂ ਸਪਸ਼ਟ ਕਿਹਾ ਹੈ ਕਿ ਕੁਝ ਸੀਨੀਅਰ ਲੀਡਰਾਂ ਨੇ ਪਾਰਟੀ ਨਾਲੋਂ ਆਪਣੇ ਪੁੱਤਰਾਂ ਨੂੰ ਹੀ ਵੱਧ ਅਹਿਮੀਅਤ ਦਿੱਤੀ। ਰਾਹੁਲ ਇੰਨੇ ਨਾਰਾਜ਼ ਹਨ ਕਿ ਉਨ੍ਹਾਂ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ।
ਸੂਤਰਾਂ ਅਨੁਸਾਰ ਸੋਮਵਾਰ ਨੂੰ ਰਾਹੁਲ ਗਾਂਧੀ ਨੇ ਸਵੇਰੇ 11.30 ਵਜੇ ਆਪਣੀ ਰਿਹਾਇਸ਼ ’ਤੇ ਅਸ਼ੋਕ ਗਹਿਲੋਤ ਨੂੰ ਮੁਲਾਕਾਤ ਲਈ ਸਮਾਂ ਦਿੱਤਾ ਸੀ ਪਰ ਐਨ ਮੌਕੇ ’ਤੇ ਉਨ੍ਹਾਂ ਨੇ ਗਹਿਲੋਤ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੂੰ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਮੁਲਾਕਾਤ ਕਰਨ ਲਈ ਆਖਿਆ। ਸੂਤਰਾਂ ਅਨੁਸਾਰ ਗਹਿਲੋਤ ਵੱਲੋਂ ਪਹਿਲਾਂ ਵੇਣੂਗੋਪਾਲ ਨਾਲ ਤੇ ਫਿਰ ਪਾਰਟੀ ਆਗੂ ਅਹਿਮਦ ਪਟੇਲ ਨਾਲ ਮੁਲਾਕਾਤ ਕੀਤੀ ਗਈ। ਰਾਜਸਥਾਨ ਵਿੱਚ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਕੋਈ ਸੀਟ ਨਹੀਂ ਮਿਲੀ।

© 2016 News Track Live - ALL RIGHTS RESERVED