ਵਿਅਹੁਤਾ ਵਲੋਂ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ

Nov 02 2018 03:38 PM
ਵਿਅਹੁਤਾ ਵਲੋਂ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ

ਗੁਰਦਾਸਪੁਰ

 ਸਥਾਨਕ ਰੋਡੀ ਮੋਹਲਾ ਨਿਵਾਸੀ ਇਕ ਵਿਅਹੁਤਾ ਵਲੋਂ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ 'ਚ ਮ੍ਰਿਤਕਾ ਦੇ ਪਤੀ, ਸਹੁਰੇ ਤੇ ਸੱਸ ਦੇ ਵਿਰੁੱਧ ਧਾਰਾ 306 ਅਧੀਨ ਕੇਸ ਦਰਜ ਕੀਤਾ ਗਿਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਲੜਕੀ ਪ੍ਰਿਆ ਦਾ ਵਿਆਹ ਸਾਲ 2005 'ਚ ਸਹਾਰਪੁਰ ਨਿਵਾਸੀ ਰਾਕੇਸ਼ ਕੁਮਾਰ ਨਾਲ ਹੋਇਆ ਸੀ। ਉਨ੍ਹਾਂ ਨੇ ਵਿਆਹ ਸਮੇਂ ਆਪਣੀ ਹੈਸੀਅਤ ਮੁਤਾਬਕ ਦਾਜ ਦਿੱਤਾ ਸੀ ਪਰ ਪ੍ਰਿਆ ਦੇ ਸਹੁਰੇ ਵਾਲੇ ਉਸ ਨੂੰ ਪੇਕੇ ਘਰੋਂ 25 ਲੱਖ ਰੁਪਏ ਲੈ ਕੇ ਆਉਣ ਲਈ ਕਹਿੰਦੇ ਸਨ। ਇਸ ਲਈ ਉਹ ਰੋਜ਼ਾਨਾਂ ਉਸ ਨੂੰ ਤੰਗ ਪਰੇਸ਼ਾਨ ਕਰਦੇ ਸਨ ਤੇ ਉਸ ਦੀ ਕੁੱਟਮਾਰ ਕਰਦੇ ਸਨ। ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਪ੍ਰਿਆ ਦਾ ਫੋਨ ਆਇਆ ਕਿ ਉਸ ਨੂੰ ਇਥੋਂ ਲੈ ਜਾਓ ਨਹੀਂ ਤਾਂ ਉਸ ਦਾ ਪਤੀ ਰਾਕੇਸ਼ ਕੁਮਾਰ ਕਾਤਰਾ, ਸਹੁਰਾ ਤੇ ਸੱਸ ਉਸ ਨੂੰ ਜਾਨ ਤੋਂ ਮਾਰ ਦੇਣਗੇ । ਇਸ ਲਈ ਉਹ ਉਸ ਨੂੰ ਪੇਕੇ ਘਰ ਲੈ ਆਏ। ਬੀਤੇ ਦਿਨ ਪ੍ਰਿਆ ਨੇ ਇਸੇ ਪਰੇਸ਼ਾਨੀ ਦੇ ਚੱਲਦਿਆਂ ਪੇਕੇ ਘਰ ਹੀ ਜ਼ਹਿਰੀਲੀ ਦਵਾਈ ਖਾ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। 
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮ੍ਰਿਤਕ ਦੇ ਪਤੀ, ਸਹੁਰੇ ਤੇ ਸੱਸ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

© 2016 News Track Live - ALL RIGHTS RESERVED