150 ਕਿਲੋ ਨਕਲੀ ਦੁੱਧ ਤੇ ਗੈਰ-ਮਿਆਰੀ ਪਨੀਰ ਜ਼ਬਤ

Oct 13 2018 03:49 PM
150 ਕਿਲੋ ਨਕਲੀ ਦੁੱਧ ਤੇ ਗੈਰ-ਮਿਆਰੀ ਪਨੀਰ ਜ਼ਬਤ

ਹੁਸ਼ਿਆਰਪੁਰ

ਡਬਲਯੂ. ਐੱਚ. ਓ. ਦੀ ਰਿਪੋਰਟ ਮੁਤਾਬਕ ਜੇਕਰ ਭਾਰਤ ਦੇ ਲੋਕ  ਖੁੱਲ੍ਹਾ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦਾ ਸੇਵਨ ਕਰਦੇ ਰਹੇ ਤਾਂ 2025 ਤੱਕ 80 ਫੀਸਦੀ ਤੋਂ ਵੱਧ ਲੋਕਾਂ ਨੂੰ ਕੈਂਸਰ ਤੇ ਹੋਰ ਭਿਆਨਕ ਬੀਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਉਕਤ ਖੁਲਾਸਾ ਕਰਦਿਆਂ ਜ਼ਿਲਾ ਸਿਹਤ ਅਫ਼ਸਰ (ਡੀ. ਐੱਚ. ਓ.) ਡਾ. ਸੇਵਾ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ- ਟਾਂਡਾ ਰੋਡ ’ਤੇ ਪੈਦੇ ਅੱਡਾ ਸਰਾਂ ਵਿਖੇ ਇਕ ਦੁੱਧ ਦੀ ਗੱਡੀ ਨੰਬਰ ਪੀ ਬੀ 07 (ਟੀ) ਏ ਬੀ-3285 ਨੂੰ ਨਾਕਾ ਲਾ ਕੇ  ਫਡ਼ਿਆ ਗਿਆ, ਜਿਸ ’ਚ 10 ਡਰੰਮ ਦੁੱਧ ਦੇ ਰੱਖੇ ਹੋਏ ਸਨ। ਇਨ੍ਹਾਂ ’ਚੋਂ ਇਕ ਡਰੰਮ ਵਿਚ ਗਾਡ਼੍ਹੇ ਚਿੱਟੇ ਰੰਗ ਦਾ ਤਰਲ ਪਦਾਰਥ ਪਾਇਆ ਗਿਆ, ਜੋ ਕਿ ਦੁੱਧ ਨਹੀਂ ਸੀ। ਜੇਕਰ ਇਸ ਪਦਾਰਥ ਵਿਚ 10 ਡਰੰਮ ਪਾਣੀ ਵਿਚ ਪਾ ਦਿੱਤਾ ਜਾਂਦਾ ਤਾਂ 10 ਡਰੰਮ ਦੁੱਧ ਦੇ ਬਣ ਸਕਦੇ ਸਨ। 
ਸਿਹਤ ਵਿਭਾਗ ਦੀ ਟੀਮ ਨੇ ਉਕਤ ਗੱਡੀ ਦੀ ਤਲਾਸ਼ੀ ਲਈ ਤਾਂ  ਉਸ  ਵਿਚੋਂ 150 ਕਿਲੋ ਤਿਆਰ ਕੀਤਾ ਦੁੱਧ ਮਿਲਿਆ,  ਜੋ  ਟੀਮ ਨੇ ਸੈਂਪਲ ਲੈ ਕੇ ਨਸ਼ਟ ਕਰਵਾ ਦਿੱਤਾ। ਗੱਡੀ ਦੇ ਮਾਲਕ ਨੂਰ ਮੁਹੰਮਦ ਨੇ ਦੱਸਿਆ ਕਿ ਇਸ ਦੁੱਧ ਨੂੰ ਰਿਫਾਈਂਡ ਆਇਲ ਪਾ ਕੇ ਬਣਾਇਆ ਗਿਆ ਸੀ,  ਜੋ ਜਲੰਧਰ ਦੀਆਂ ਮਠਿਆਈ ਵਾਲੀਆਂ ਦੁਕਾਨਾਂ ’ਤੇ ਸਪਲਾਈ ਕਰਨਾ ਸੀ। 
ਬੱਸ ’ਚੋਂ ਨਕਲੀ ਪਨੀਰ ਬਰਾਮਦ : ਇਕ ਹੋਰ ਸੂਚਨਾ ਦੇ ਅਾਧਾਰ ’ਤੇ ਮਾਹਿਲਪੁਰ ਥਾਣਾ ਪੁਲਸ ਨੇ ਇਕ ਪ੍ਰਾਈਵੇਟ ਕੰਪਨੀ ਦੀ  ਬੱਸ ਜੋ ਬਟਾਲਾ ਤੋਂ ਮੋਹਾਲੀ ਜਾ ਰਹੀ ਸੀ, ਵਿਚੋਂ ਗੈਰ-ਮਿਆਰੀ ਪਨੀਰ ਬਰਾਮਦ ਕੀਤਾ। ਮਾਹਿਲਪੁਰ ਦੇ ਐੱਸ. ਐੱਚ. ਓ. ਨੇ  ਸਿਹਤ ਵਿਭਾਗ ਦੀ ਟੀਮ ਨੂੰ ਇਤਲਾਹ ਦਿੱਤੀ,  ਜਿਸ  ’ਤੇ  ਜ਼ਿਲਾ ਸਿਹਤ ਅਫ਼ਸਰ ਡਾ. ਸੇਵਾ ਸਿੰਘ ਦੀ ਟੀਮ ਨੇ ਸੈਂਪਲ ਲੈ ਕੇ  ਪਨੀਰ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਜਦੋਂ ਇਸ ਸਬੰਧੀ  ਬੱਸ ਦੇ ਡਰਾਈਵਰ ਮਲਕੀਤ ਸਿੰਘ ਨੂੰ ਪੁੱਛਿਆ ਤਾਂ ਉਸ  ਨੇ ਦੱਸਿਆ ਕਿ ਇਹ ਪਨੀਰ ਪਹਿਲਾਂ ਅਸੀਂ ਅੱਡਾ ਚੱਬੇਵਾਲ ਤੇ ਹਿਮਾਚਲ ਨੂੰ ਜਾ ਰਹੀ ਗੱਡੀ ਨੂੰ ਦਿੱਤਾ।  ਹੁਣ ਇਹ ਪਨੀਰ  ਗਡ਼੍ਹਸ਼ੰਕਰ ਦੀ ਇਕ ਮਠਿਆਈਆਂ  ਦੀ  ਦੁਕਾਨ  ’ਤੇ  ਦੇਣਾ  ਸੀ। ਉਸ ਨੇ ਦੱਸਿਆ ਕਿ ਸਾਨੂੰ ਇਕ ਪਨੀਰ ਦੇ ਡੱਬੇ ਦੇ 100 ਰੁਪਏ ਮਿਲਦੇ ਹਨ। ਇਸ ਮੌਕੇ ਫੂਡ ਅਫ਼ਸਰ ਰਮਨ ਵਿਰਦੀ, ਮਾਸ ਮੀਡੀਆਂ ਤੋਂ ਗੁਰਵਿੰਦਰ, ਅਸ਼ੋਕ ਕੁਮਾਰ, ਰਾਮ ਲੁਭਾਇਆ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ।

© 2016 News Track Live - ALL RIGHTS RESERVED