ਇੰਡੀਗੋ ਦੀ ਉਡਾਣ ਅੰਮ੍ਰਿਤਸਰ-ਦੁਬਈ ਵਿਚਕਾਰ 7 ਦਿਨ ਉਡਾਣ ਭਰੇਗੀ

Oct 29 2018 03:27 PM
ਇੰਡੀਗੋ ਦੀ ਉਡਾਣ ਅੰਮ੍ਰਿਤਸਰ-ਦੁਬਈ ਵਿਚਕਾਰ 7 ਦਿਨ ਉਡਾਣ ਭਰੇਗੀ

ਅੰਮ੍ਰਿਤਸਰ— ਪੰਜਾਬ ਦੇ ਲੋਕਾਂ ਲਈ ਚੰਗੀ ਖਬਰ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਇੰਡੀਗੋ ਵੱਲੋਂ ਨਵੀਂ ਫਲਾਈਟ ਸ਼ੁਰੂ ਕੀਤੀ ਗਈ ਹੈ। ਇਹ ਫਲਾਈਟ ਅੰਮ੍ਰਿਤਸਰ ਤੋਂ ਦੁਬਈ ਸਿੱਧੇ ਜਾਵੇਗੀ, ਯਾਨੀ ਲੋਕਾਂ ਨੂੰ ਫਲਾਈਟ ਬਦਲਣ ਦਾ ਝੰਜਟ ਨਹੀਂ ਹੋਵੇਗਾ। ਬੀਤੇ ਦਿਨ ਐਤਵਾਰ ਨੂੰ ਅੰਮ੍ਰਿਤਸਰ-ਦੁਬਈ ਵਿਚਾਲੇ ਸਿੱਧੀ ਹਵਾਈ ਉਡਾਣ ਨੂੰ ਹਰੀ ਝੰਡੀ ਦਿੱਤੀ ਗਈ। ਇਸ ਦਾ ਉਦਘਾਟਨ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਕੀਤਾ ਗਿਆ।

ਇੰਡੀਗੋ ਦੀ ਇਹ ਪਹਿਲੀ ਉਡਾਣ ਸਵੇਰੇ 2.40 ਵਜੇ ਇੱਥੋਂ 61 ਯਾਤਰੀ ਲੈ ਕੇ ਦੁਬਈ ਲਈ ਰਵਾਨਾ ਹੋਈ। ਖਾਸ ਗੱਲ ਇਹ ਹੈ ਕਿ ਇੰਡੀਗੋ ਦੀ ਇਹ ਉਡਾਣ ਅੰਮ੍ਰਿਤਸਰ-ਦੁਬਈ ਵਿਚਕਾਰ 7 ਦਿਨ ਉਡਾਣ ਭਰੇਗੀ। ਸੰਸਦ ਮੈਂਬਰ ਗੁਰਜੀਤ ਔਜਲਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਫਲਾਈਟ ਦੇ ਰਵਾਨਾ ਹੋਣ ਦਾ ਸਮਾਂ ਤੜਕੇ 2.40 ਹੈ ਅਤੇ ਇਹ ਉਡਾਣ 4.45 ਵਜੇ ਦੁਬਈ ਪਹੁੰਚੇਗੀ। ਇਸ ਦੇ ਨਾਲ ਹੀ ਅੰਮ੍ਰਿਤਸਰ ਅਤੇ ਗੁਹਾਟੀ ਵਿਚਕਾਰ ਵੀ ਫਲਾਈਟ ਸ਼ੁਰੂ ਹੋ ਗਈ ਹੈ। ਗੁਰਜੀਤ ਔਜਲਾ ਨੇ ਕਿਹਾ ਕਿ ਸਪਾਈਸ ਜੈੱਟ ਦੀ ਬੈਂਕਾਕ ਫਲਾਈਟ ਚੱਲ ਰਹੀ ਹੈ ਅਤੇ ਉਮੀਦ ਹੈ ਕਿ ਇਸ ਸਾਲ ਬਰਮਿੰਘਮ ਲਈ ਵੀ ਇਸ ਦੀ ਇਕ ਫਲਾਈਟ ਸ਼ੁਰੂ ਹੋ ਜਾਵੇ। ਉਨ੍ਹਾਂ ਨੇ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਵਾਇਆ ਲੰਡਨ ਉਨ੍ਹਾਂ ਵੱਲੋਂ ਟੋਰਾਂਟੋ ਅਤੇ ਅਮਰੀਕਾ ਲਈ ਵੀ ਉਡਾਣ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਹੋਰ ਪ੍ਰਾਈਵੇਟ ਜਹਾਜ਼ ਕੰਪਨੀਆਂ ਨਾਲ ਸੰਪਰਕ ਕੀਤਾ ਗਿਆ ਹੈ।

© 2016 News Track Live - ALL RIGHTS RESERVED