ਨਸਬੰਦੀ ਕਰਵਾਉਣ ਵਾਲੇ ਹਰ ਪੁਰਸ਼ ਨੂੰ 1100 ਰੁਪਏ

Oct 30 2018 03:46 PM
ਨਸਬੰਦੀ ਕਰਵਾਉਣ ਵਾਲੇ ਹਰ ਪੁਰਸ਼ ਨੂੰ 1100 ਰੁਪਏ

ਜਲੰਧਰ

ਸਿਹਤ ਵਿਭਾਗ ਵਲੋਂ ਅਗਲੇ ਮਹੀਨੇ ਮਨਾਏ ਜਾ ਰਹੇ ਚੀਰੇ ਤੋਂ ਬਗੈਰ ਨਸਬੰਦੀ ਪੰਦਰਵਾੜੇ ਦੇ ਮੱਦੇਨਜ਼ਰ ਸਬੰਧਿਤ ਸਟਾਫ ਨੂੰ ਟਰੇਨਿੰਗ ਦੇਣ ਲਈ ਪ੍ਰੋਗਰਾਮ ਦਾ ਆਯੋਜਨ ਸਿਵਲ ਹਸਪਤਾਲ ਸਥਿਤ ਟਰੇਨਿੰਗ ਸੈਂਟਰ ਵਿਚ ਕੀਤਾ ਗਿਆ। ਟਰੇਨਿੰਗ ਪ੍ਰੋਗਰਾਮ ਵਿਚ ਹਾਜ਼ਰ ਬਲਾਕ ਐਕਸਟੈਂਸ਼ਨ ਐਜੂਕੇਸ਼ਨ ਤੇ ਲੇਡੀ ਹੈਲਥ ਵਿਜ਼ਿਟਰਸ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਕਿਹਾ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਿਹਤ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਿਹਤ ਵਿਭਾਗ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਆਪਸੀ ਤਾਲਮੇਲ ਤੇ ਸਹਿਯੋਗ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ ਮੁਹਿੰਮ ਦੇ ਤਹਿਤ ਸਿਹਤ ਵਿਭਾਗ 21 ਨਵੰਬਰ ਤੋਂ 4 ਦਸੰਬਰ ਤੱਕ ਚੀਰੇ ਤੋਂ ਬਗੈਰ ਨਸਬੰਦੀ ਪੰਦਰਵਾੜਾ ਮਨਾ ਰਿਹਾ ਹੈ ਤੇ ਇਸ ਦੌਰਾਨ 21 ਤੋਂ 27 ਨਵੰਬਰ ਤੱਕ ਜਾਗਰੂਕਤਾ ਮੁਹਿੰਮ ਤੇ 28 ਨਵੰਬਰ ਤੋਂ 4 ਦਸੰਬਰ ਤੱਕ ਕੈਂਪ ਲਾਏ ਜਾਣਗੇ। ਸਿਵਲ ਸਰਜਨ ਡਾ. ਬੱਗਾ ਨੇ ਦੱਸਿਆ ਕਿ ਨਸਬੰਦੀ ਕਰਵਾਉਣ ਵਾਲੇ ਹਰ ਪੁਰਸ਼ ਨੂੰ 1100 ਰੁਪਏ ਤੇ ਉਸ ਨੂੰ ਪ੍ਰੇਰਣ ਵਾਲੇ ਹਰ ਕਰਮਚਾਰੀ ਨੂੰ 200 ਰੁਪਏ ਨਕਦ ਦਿੱਤੇ ਜਾਣਗੇ। ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਧਿਕਾਰੀ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਚੀਰਾ ਤੋਂ ਬਗੈਰ ਨਸਬੰਦੀ ਪਰਿਵਾਰ ਨਿਯੋਜਨ ਦਾ ਸੁਰੱਖਿਅਤ ਤੇ ਆਸਾਨ ਤਰੀਕਾ ਹੈ ਤੇ ਇਸ ਨੂੰ ਕਰਨ ਵਿਚ ਸਿਰਫ 10 ਮਿੰਟ ਲੱਗਦੇ ਹਨ। ਨਸਬੰਦੀ ਉਪਰੰਤ ਪੁਰਸ਼ ਨੂੰ ਕੋਈ ਕਮਜ਼ੋਰੀ ਨਹੀਂ ਹੋਵੇਗੀ ਤੇ ਉਹ ਆਪਣਾ ਹਰ ਕੰਮ ਰੁਟੀਨ ਵਾਂਗ ਕਰ ਸਕੇਗਾ।

© 2016 News Track Live - ALL RIGHTS RESERVED