ਅਧਿਆਪਕ ਦੀਵਾਲੀ ਦਾ ਤਿਉਹਾਰ ‘ਕਾਲੀ ਦੀਵਾਲੀ’ ਦੇ ਰੂਪ ’ਚ ਮਨਾਉਣਗੇ

Nov 06 2018 04:15 PM
ਅਧਿਆਪਕ ਦੀਵਾਲੀ ਦਾ ਤਿਉਹਾਰ  ‘ਕਾਲੀ ਦੀਵਾਲੀ’ ਦੇ ਰੂਪ ’ਚ ਮਨਾਉਣਗੇ

ਪਟਿਆਲਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਧਿਆਪਕਾਂ ਨਾਲ ਮੀਟਿੰਗ ਰੱਖਣ ਤੋਂ ਬਾਅਦ ਰੱਦ ਕਰ ਦੇਣ ਕਾਰਨ ਅਧਿਆਪਕਾਂ ਦਾ ਗੁੱਸਾ ਸਤਵੇਂ ਅਸਮਾਨ ’ਤੇ ਹੈ। ਅਧਿਆਪਕਾਂ ਨੇ ਸੀ. ਐੈੱਮ. ਸਿਟੀ ਵਿਚ ਰੋਸ ਧਰਨਾ ਦੇ ਕੇ ਸਰਕਾਰ ਦਾ ਜਨਾਜ਼ਾ ਕੱਢਿਆ। ਹੁਣ ਅਧਿਆਪਕ ਦੀਵਾਲੀ ਦਾ ਤਿਉਹਾਰ ਵੀ ਪਟਿਆਲਾ ਵਿਖੇ ‘ਕਾਲੀ ਦੀਵਾਲੀ’ ਦੇ ਰੂਪ ’ਚ ਮਨਾਉਣਗੇ। ਇਸ ਤੋਂ ਪਹਿਲਾਂ ਵੀ ਅਧਿਆਪਕਾਂ ਨੇ ਦੁਸਹਿਰਾ ਅਤੇ ਕਰਵਾ ਚੌਥ ਜਿਹੇ ਤਿਉਹਾਰ ਸੰਘਰਸ਼ ਦੇ ਪਿਡ਼ ਵਿਚ ਹੀ ਮਨਾਏ ਹਨ।
ਪੱਕੇ ਮੋਰਚੇ ਦੇ 30ਵੇਂ ਦਿਨ ਮੋਗਾ, ਨਵਾਂਸ਼ਹਿਰ ਅਤੇ ਗੁਰਦਾਸਪੁਰ ਦੇ ਸੈਂਕਡ਼ੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਜਿੱਥੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਹੁੰਦੀ ਰਹੀ, ਉਥੇ ਮੁੱਖ ਮੰਤਰੀ ਨਾਲ ਮੀਟਿੰਗ ਨੂੰ ਪ੍ਰਭਾਵਿਤ ਕਰਨ ਲਈ ਪਹਿਲਾਂ ਤੋਂ ਬਣਾਈ ਰਣਨੀਤੀ ਤਹਿਤ ਸਿੱਖਿਆ ਵਿਭਾਗ ਨੇ ਮੁਅੱਤਲ ਕੀਤੇ 14 ਸੰਘਰਸ਼ਸ਼ੀਲ ਅਧਿਆਪਕਾਂ ਨੂੰ ਸੁਣਵਾਈ ਲਈ ਮੁੱਖ ਦਫ਼ਤਰ ਬੁਲਾਇਆ ਹੋਇਆ ਸੀ। ਜਾਣਕਾਰੀ ਦਿੰਦਿਆ ਸਾਂਝੇ ਅਧਿਆਪਕ ਮੋਰਚਾ ਦੇ ਕਨਵੀਨਰਾਂ ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ, ਬਾਜ ਸਿੰਘ ਖਹਿਰਾ, ਬਲਕਾਰ ਸਿੰਘ ਵਲਟੋਹਾ ਅਤੇ ਹਰਜੀਤ ਸਿੰਘ ਬਸੋਤਾ, ਸੂਬਾ ਕੋ-ਕਨਵੀਨਰ ਹਰਦੀਪ ਸਿੰਘ ਟੋਡਰਪੁਰ, ਦੀਦਾਰ ਸਿੰਘ ਮੁੱਦਕੀ ਅਤੇ ਅਜੀਬ ਦਵੇਦੀ ਆਦਿ ਨੇ ਦੱਸਿਆ ਕਿ ਵਿਭਾਗ ਵੱਲੋਂ ਸੇਵਾਵਾਂ ਖ਼ਤਮ ਕਰਨ ਦੀ ਤਜਵੀਜ਼ ਇਕਪਾਸਡ਼ ਅਤੇ ਨਿਆਂ ਦੇ ਕੁਦਰਤੀ ਸਿਧਾਂਤ ਵਿਰੁੱਧ ਸੀ।
ਇਸ ਦਾ ਸਾਂਝੇ ਅਧਿਆਪਕ ਮੋਰਚੇ ਵੱਲੋਂ ਸਖਤ ਵਿਰੋਧ ਕਰਨ ’ਤੇ ਸਿੱਖਿਆ ਵਿਭਾਗ ਨੇ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ 15 ਦਿਨਾਂ ਦਾ ਸਮਾਂ ਹੋਰ ਦੇ ਦਿੱਤਾ ਹੈ। ਕੁਲਦੀਪ ਸਿੰਘ ਦੌਡ਼ਕਾ ਅਤੇ ਗੁਰਪ੍ਰੀਤ ਅੰਮੀਵਾਲ ਨੇ ਕਿਹਾ ਕਿ ਅਧਿਆਪਕਾਂ ਦਾ ਸੰਘਰਸ਼ ਹੱਕੀ ਅਤੇ ਜਾਇਜ਼ ਹੈ। ਹੁਣ ਇਹ ਸੰਘਰਸ਼ ਸਿਰਫ ਅਧਿਆਪਕਾਂ ਦਾ ਸੰਘਰਸ਼ ਨਾ ਰਹਿ ਕੇ ਲੋਕਾਂ ਨੂੰ ਸੰਘਰਸ਼ ਬਣ ਚੁੱਕਾ ਹੈ। ਨਤੀਜੇ ਵਜੋਂ ਜਿੱਥੇ ਅਧਿਆਪਕਾਂ ਦੀਆਂ ਬਦਲੀਆਂ ਦੇ ਵਿਰੋਧ ’ਚ ਲਗਾਤਾਰ ਸਕੂਲਾਂ ਨੂੰ ਜਿੰਦਰੇ ਲੱਗ ਰਹੇ ਹਨ, ਉਥੇ ਪੂਰੇ ਪੰਜਾਬ ਚ ਸਰਕਾਰ ਵਿਰੁੱਧ ਅਰਥੀ ਫੂਕ ਪ੍ਰਦਰਸ਼ਨ ਹੋ ਰਹੇ ਹਨ। ਅਧਿਆਪਕਾਂ ਦੇ ਹੱਕ ’ਚ ਵਿਦਿਆਰਥੀ ਅਤੇ ਮਾਪੇ ਤੱਕ ਵੀ ਸਡ਼ਕਾਂ ’ਤੇ ਆ ਗਏ ਹਨ।

© 2016 News Track Live - ALL RIGHTS RESERVED