ਥਾਣਾ ਮਕਸੂਦਾਂ 'ਚ ਬਲਾਸਟ ਦੇ ਮਾਮਲੇ 'ਚ ਸ਼ਾਮਲ ਅੱਤਵਾਦੀ ਅਦਾਲਤ 'ਚ ਪੇਸ਼

Nov 13 2018 03:42 PM
ਥਾਣਾ ਮਕਸੂਦਾਂ 'ਚ ਬਲਾਸਟ ਦੇ ਮਾਮਲੇ 'ਚ ਸ਼ਾਮਲ ਅੱਤਵਾਦੀ ਅਦਾਲਤ 'ਚ ਪੇਸ਼

ਜਲੰਧਰ  

ਥਾਣਾ ਮਕਸੂਦਾਂ 'ਚ ਬਲਾਸਟ ਦੇ ਮਾਮਲੇ 'ਚ ਸ਼ਾਮਲ ਅੱਤਵਾਦੀਆਂ ਨੂੰ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਬੀਤੇ ਦਿਨ ਮਾਣਯੋਗ ਗਗਨਦੀਪ ਸਿੰਘ ਜੇ. ਐੱਮ. ਆਈ. ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੇ ਥਾਣਾ ਨੰ. 1 ਦੀ ਪੁਲਸ ਨੇ ਉਨ੍ਹਾਂ ਦਾ 3 ਦਿਨਾਂ ਦਾ ਪੁਲਸ ਰਿਮਾਂਡ ਮੰਗਿਆ ਜਦਕਿ ਅਦਾਲਤ ਨੇ ਉਨ੍ਹਾਂ ਦਾ 2 ਦਿਨਾਂ ਦਾ ਪੁਲਸ ਰਿਮਾਂਡ ਦਿੱਤਾ। ਏ. ਸੀ. ਪੀ. ਨਵਨੀਤ ਸਿੰਘ ਮਾਹਲ ਥਾਣਾ ਨੰ. 1 ਦੇ ਮੁਖੀ ਕੁਲਵੰਤ ਸਿੰਘ ਅਤੇ ਏ. ਐੱਸ. ਆਈ. ਜਗਦੀਸ਼ ਨੇ ਅੱਤਵਾਦੀ ਸ਼ਾਹਿਦ ਕਿਊਮ ਅਤੇ ਫਾਜ਼ਿਲ ਬਸ਼ੀਰ ਨੂੰ ਸੁਰੱਖਿਆ 'ਚ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ 2 ਦਿਨਾਂ ਦਾ ਰਿਮਾਂਡ ਦਿੱਤਾ। ਏ. ਸੀ. ਪੀ. ਨਵਨੀਤ ਸਿੰਘ ਮਾਹਲ ਨੇ ਦੱਸਿਆ ਕਿ ਫੜੇ ਗਏ ਅੱਤਵਾਦੀ ਜੰਮੂ-ਕਸ਼ਮੀਰ ਨਾਲ ਸਬੰਧਤ ਹਨ, ਜਿਸ ਕਾਰਨ ਉਨ੍ਹਾਂ ਦੇ ਘਰ ਤੱਕ ਦੀ ਜਾਂਚ 'ਚ ਪੁਲਸ ਨੂੰ ਸਮਾਂ ਚਾਹੀਦਾ ਸੀ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਦੇ ਮੋਬਾਇਲ ਨੰਬਰ ਰਾਹੀਂ ਮਿਲੇ ਨੰਬਰਾਂ ਦੇ ਆਧਾਰ 'ਤੇ ਕੁਝ ਅਜਿਹੇ ਨੰਬਰ ਸਨ, ਜੋ ਇਨ੍ਹਾਂ ਦੇ ਕਾਫੀ ਨਜ਼ਦੀਕ ਸਨ ਜਿਨ੍ਹਾਂ ਦੀ ਜਾਂਚ ਲਈ ਉਨ੍ਹਾਂ ਦੇ ਨਜ਼ਦੀਕੀ 52 ਨੌਜਵਾਨਾਂ ਕੋਲੋਂ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਦੁਬਾਰਾ ਅੱਤਵਾਦੀਆਂ ਕੋਲੋਂ ਪੁੱਛਗਿੱਛ ਲਈ ਉਨ੍ਹਾਂ ਨੂੰ ਰਿਮਾਂਡ 'ਤੇ ਲਿਆ ਗਿਆ।
ਏ. ਸੀ. ਪੀ.  ਮਾਹਲ ਨੇ ਦੱਸਿਆ ਕਿ ਜਿਹੜੀ ਜਗ੍ਹਾ ਅੱਤਵਾਦੀਆਂ ਨੇ ਬਲਾਸਟ ਕੀਤਾ ਸੀ, ਉਸ ਜਗ੍ਹਾ ਮੁਲਜ਼ਮਾਂ ਨੂੰ ਲਿਜਾਇਆ ਜਾਵੇਗਾ। ਅੱਤਵਾਦੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਇਕ ਹੀ ਜਗ੍ਹਾ ਤੋਂ ਇਕੱਠੇ ਹੋ ਕੇ 4 ਬੰਬ ਸੁੱਟੇ ਸਨ, ਜਿਸ ਤੋਂ ਬਾਅਦ ਸਾਰੇ ਆਟੋ 'ਚ ਫਰਾਰ ਹੋ ਗਏ।

© 2016 News Track Live - ALL RIGHTS RESERVED