ਮਾਧੋਪੁਰ ਰੇਲਵੇ ਸਟੇਸ਼ਨ ਨੇੜੇ 4 ਸ਼ੱਕੀ ਇਨੋਵਾ ਗੱਡੀ ਖੋਹ ਕੇ ਫਰਾਰ , ਸੁਰੱਖਿਆ ਏਜੰਸੀਆਂ 'ਚ ਹੜਕੰਪ

Nov 14 2018 03:48 PM
ਮਾਧੋਪੁਰ ਰੇਲਵੇ ਸਟੇਸ਼ਨ ਨੇੜੇ  4 ਸ਼ੱਕੀ ਇਨੋਵਾ ਗੱਡੀ ਖੋਹ ਕੇ ਫਰਾਰ , ਸੁਰੱਖਿਆ ਏਜੰਸੀਆਂ 'ਚ ਹੜਕੰਪ

ਪਠਾਨਕੋਟ

ਜਲੰਧਰ ਦੇ ਮਕਸੂਦਾਂ ਪੁਲਸ ਥਾਣੇ 'ਚ ਅੱਤਵਾਦੀ ਹਮਲੇ ਦੇ ਬਾਅਦ ਹੁਣ ਬੀਤੀ ਰਾਤ 11.30 ਵਜੇ ਦੇ ਕਰੀਬੇ ਪਠਾਨਕੋਟ ਦੇ ਮਾਧੋਪੁਰ 'ਚ ਸਥਿਤ ਰੇਲਵੇ ਸਟੇਸ਼ਨ ਦੇ ਨੇੜੇ ਅਣਜਾਣ 4 ਸ਼ੱਕੀ ਜੰਮੂ ਤੋਂ ਪਠਾਨਕੋਟ ਆਉਂਦੇ ਸਮੇਂ ਇਨੋਵਾ ਗੱਡੀ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ਦੇ ਬਾਅਦ ਜ਼ਿਲਾ ਪੁਲਸ ਅਤੇ ਸੂਬੇ ਦੀਆਂ ਸੁਰੱਖਿਆ ਏਜੰਸੀਆਂ 'ਚ ਹੜਕੰਪ ਮਚਿਆ ਹੋਇਆ ਹੈ। ਜਾਣਕਾਰੀ ਮੁਤਾਬਕ ਜਦੋਂ ਏਅਰਬੇਸ ਪਠਾਨਕੋਟ 'ਚ ਅੱਤਵਾਦੀ ਹਮਲਾ ਹੋਇਆ ਤਾਂ ਉਸ ਸਮੇਂ ਵੀ ਅੱਤਵਾਦੀਆਂ ਨੇ ਬਮਿਆਲ ਦੇ ਨੇੜੇ ਇਕ ਗੱਡੀ ਨੂੰ ਹਾਈਜੈਕ ਕਰਕੇ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਸੀ। ਇਸ ਘਟਨਾ ਨੂੰ ਵੀ ਉਕਤ ਘਟਨਾ ਦੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇਸ 'ਚ ਕੋਈ ਸ਼ੱਕ ਨਹੀਂ ਹੈ।
ਉੱਥੇ ਇਸ ਘਟਨਾ ਸਬੰਧੀ ਗੱਡੀ ਦੇ ਡਰਾਇਵਰ ਰਾਜ ਕੁਮਾਰ ਅਤੇ ਪੁੱਤਰ ਬਾਬੂ ਰਾਮ ਨਿਵਾਸੀ ਜ਼ਿਲਾ ਡੋਡਾ ਜੰਮੂ-ਕਸ਼ਮੀਰ ਨੇ ਪੁਲਸ ਨੂੰ ਦੱਸਿਆ ਕਿ ਉਹ ਲਗਭਗ ਪਿਛਲੇ 6 ਸਾਲ ਤੋਂ ਗੱਡੀ ਚਲਾ ਰਿਹਾ ਹੈ। ਬੀਤੀ ਰਾਤ 9 ਵਜੇ ਦੇ ਕਰੀਬ ਉਸ ਨੇ ਗੱਡੀ ਨੂੰ ਜੰਮੂ ਰੇਲਵੇ ਸਟੇਸ਼ਨ ਦੇ ਨੇੜੇ ਖੜ੍ਹਾ ਕੀਤਾ ਹੋਇਆ ਸੀ। ਇਸ ਦੌਰਾਨ ਟੈਕਸੀ ਸਟੈਂਡ ਦੇ ਮੈਨੇਜਰ ਹਨੀ ਸਿੰਘ ਦੇ ਕੋਲ 4 ਵਿਅਕਤੀ ਆਏ, ਜਿਨ੍ਹਾਂ  ਦੀ ਉਮਰ ਲਗਭਗ 35 ਤੋਂ 40 ਸਾਲ ਸੀ। ਉਹ ਕਹਿਣ ਲੱਗੇ ਕਿ ਉਨ੍ਹਾਂ ਨੇ ਪਠਾਨਕੋਟ ਜਾਣਾ ਹੈ। ਮੈਨੇਜਰ ਨੇ ਉਨ੍ਹਾਂ ਨੂੰ ਉੱਥੋਂ ਲਗਭਗ 9 ਵਜੇ ਦੇ ਕਰੀਬ ਪਠਾਨਕੋਟ ਲਈ ਰਵਾਨਾ ਕਰ ਦਿੱਤਾ।
ਇਨੋਵਾ ਸਵਾਰ ਚਾਰ ਲੋਕਾਂ ਨੇ ਗੱਡੀ ਨੂੰ ਕਠੂਆ ਦੇ ਨੇੜੇ ਇਕ ਢਾਬੇ 'ਤੇ ਰੁਕਵਾ ਕੇ ਖਾਣਾ ਖਾਧਾ। ਇਸ ਦੌਰਾਨ ਗੱਡੀ ਜਿਵੇਂ ਹੀ ਲਗਭਗ 11.30 ਵਜੇ ਦੇ ਕਰੀਬ ਜੰਮੂ-ਕਸ਼ਮੀਰ ਦੇ ਲਖਨਪੁਰ ਤੋਂ ਪੰਜਾਬ 'ਚ ਦਾਖਲ ਹੋਈ ਤਾਂ ਉਸ ਨੇ ਟੋਲ ਕਟਵਾਉਣ ਹੇਤੂ ਗੱਡੀ ਨੂੰ ਮਾਧੋਪੁਰ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਟੈਕਸੀ ਬੈਰੀਅਰ 'ਤੇ ਖੜ੍ਹਾ ਕਰ ਦਿੱਤਾ। ਇੰਨੇ 'ਚ ਗੱਡੀ ਦੀ ਪਿਛਲੀ ਸੀਟ 'ਤੇ ਬੈਠੇ ਇਕ ਵਿਅਕਤੀ ਨੇ ਉਸ ਨੂੰ ਕਿਹਾ ਕਿ ਉਸ ਨੂੰ ਉਲਟੀ ਆ ਰਹੀ ਹੈ। ਗੱਡੀ ਨੂੰ ਕਿਧਰੇ ਅੱਗੇ ਖੜ੍ਹੀ ਕਰਨ, ਜਿਵੇਂ ਹੀ ਉਸ ਨੇ ਗੱਡੀ ਨੂੰ ਅੱਗੇ ਖੜ੍ਹਾ ਕੀਤਾ ਤਾਂ ਕੰਡਕਟਰ ਸੀਟ 'ਤੇ ਬੈਠੇ ਵਿਅਕਤੀ ਨੇ ਉਸ ਦਾ ਗਲਾ ਘੋਟ ਦਿੱਤਾ।
ਗਲਾ ਛੁੜਵਾ ਕੇ ਗੱਡੀ ਤੋਂ ਬਾਹਲ ਨਿਕਲਿਆ ਤਾਂ ਉਸ ਦੇ ਹੋਰ ਸਾਥੀ ਵੀ ਗੱਡੀ ਤੋਂ ਬਾਹਰ ਆ ਗਏ। ਉਨ੍ਹਾਂ ਨੇ ਉਸ ਕੋਲੋਂ ਗੱਡੀ ਦੀ ਚਾਬੀ ਖੋਹ ਲਈ ਅਤੇ ਧਮਕੀ ਦੇਣ ਲੱਗੇ ਕਿ ਗੱਡੀ 'ਚ ਬੈਠ ਜਾਵੇ ਨਹੀਂ ਤਾਂ ਗੋਲੀ ਮਾਰ ਦੇਣਗੇ। ਉਨ੍ਹਾਂ ਨੇ ਉਸ ਦਾ ਮੋਬਾਇਲ ਵੀ ਖੋਹ ਲਿਆ। ਉਹ ਉਨ੍ਹਾਂ ਨੂੰ ਧੱਕਾ ਮਾਰ ਕੇ ਉੱਥੋਂ ਭੱਜ ਗਿਆ। ਘਟਨਾ ਸਬੰਧੀ ਸੁਜਾਨਪੁਰ ਪੁਲਸ ਥਾਣੇ ਨੂੰ ਸੂਚਿਤ ਕੀਤਾ। ਜਾਣਕਾਰੀ ਮੁਤਾਬਕ ਗੰਨ ਪੁਆਇੰਟ 'ਤੇ ਹਾਈਜੈਕ ਹੋਈ ਗੱਡੀ ਨਾਲ ਜ਼ਿਲਾ ਪੁਲਸ ਦੇ ਹੱਥ-ਪੈਰ ਫੁੱਲੇ ਹੋਏ ਹਨ। ਸੁਰੱਖਿਆ ਏਜੰਸੀਆਂ ਵੀ ਆਪਣੇ ਤੌਰ 'ਤੇ ਜਾਂਚ 'ਚ ਜੁੱਟ ਗਈਆਂ ਹਨ। ਜੰਮੂ ਅਤੇ ਪੰਜਾਬ ਪੁਲਸ ਵਲੋਂ ਤਲਾਸ਼ੀ ਮੁਹਿੰਮ ਚਲਾਇਆ ਜਾ ਰਿਹਾ ਹੈ।

© 2016 News Track Live - ALL RIGHTS RESERVED