ਸੂਬੇ ਦੇ ਹੁੱਕਾ ਬਾਰਾਂ ’ਤੇ ਪੱਕੇ ਤੌਰ ’ਤੇ ਰੋਕ

Nov 19 2018 03:52 PM
ਸੂਬੇ ਦੇ ਹੁੱਕਾ ਬਾਰਾਂ ’ਤੇ ਪੱਕੇ ਤੌਰ ’ਤੇ ਰੋਕ

ਜਲੰਧਰ  

ਪੰਜਾਬ ਵਿਚ ਤੰਬਾਕੂ ਦੀ ਵਰਤੋਂ ’ਤੇ ਰੋਕ ਸਬੰਧੀ ਬਿੱਲ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸੂਬੇ ਦੇ ਹੁੱਕਾ ਬਾਰਾਂ ’ਤੇ ਪੱਕੇ ਤੌਰ ’ਤੇ ਰੋਕ ਲੱਗ ਗਈ ਹੈ। ਦੇਸ਼ ਵਿਚ ਗੁਜਰਾਤ ਤੇ ਮਹਾਰਾਸ਼ਟਰ ਤੋਂ ਬਾਅਦ ਪੰਜਾਬ ਹੁੱਕਾ ਬਾਰ ਅਤੇ ਲਾਉਂਜ਼ ’ਤੇ ਪਾਬੰਦੀ ਲਾਉਣ ਵਾਲਾ ਤੀਸਰਾ ਸੂਬਾ ਹੈ। ਗ੍ਰਹਿ  ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ  (ਵਿਗਆਪਨ ’ਤੇ ਰੋਕ ਅਤੇ ਵਪਾਰ ਤੇ ਵਣਜ, ਉਤਪਾਦਨ, ਸਪਲਾਈ ਤੇ ਵੰਡ) ਪੰਜਾਬ ਸੋਧ ਬਿੱਲ  2018 ਨੂੰ ਹਾਲ ਹੀ ਵਿਚ ਮਨਜ਼ੂਰੀ ਦਿੱਤੀ ਹੈ। ਪੰਜਾਬ ਵਿਧਾਨ ਸਭਾ ਨੇ ਮਾਰਚ ਵਿਚ ਇਹ ਬਿੱਲ  ਪਾਸ ਕੀਤਾ ਸੀ। ਇਹ ਕਾਨੂੰਨ ਲਿਆਉਣ ਦਾ ਟੀਚਾ ਵੱਖ-ਵੱਖ ਰੂਪਾਂ ਵਿਚ ਤੰਬਾਕੂ ਦੀ ਵਰਤੋਂ  ’ਤੇ ਰੋਕ ਲਾਉਣਾ ਅਤੇ ਤੰਬਾਕੂ ਉਤਪਾਦਾਂ ਦੇ ਸੇਵਨ ਤੋਂ ਪੈਦਾ ਬੀਮਾਰੀਆਂ ਦੀ ਰੋਕਥਾਮ  ਕਰਨਾ ਹੈ।
ਇਕ ਅਧਿਕਾਰੀ ਨੇ ਕਿਹਾ ਕਿ ਪੰਜਾਬ ਵਿਚ ਬਾਰਜ਼ ’ਚ ਨਸ਼ੇ ਦੇ ਪਦਾਰਥਾਂ ਦੀ ਵਰਤੋਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਪੰਜਾਬ  ਵਿਧਾਨ ਸਭਾ ਵਿਚ ਇਹ ਬਿੱਲ ਪੇਸ਼ ਕਰਨ ਵਾਲੇ ਸੂਬੇ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ  ਕਿਹਾ ਸੀ ਕਿ ਪੰਜਾਬ ਵਿਚ ਹੁੱਕਾ-ਸ਼ੀਸ਼ਾ, ਸਿਗਰਟਨੋਸ਼ੀ ਦੀ ਨਵੀਂ ਪ੍ਰਵਿਰਤੀ ਚੱਲ ਪਈ ਹੈ  ਅਤੇ ਦਿਨੋਂ-ਦਿਨ ਇਹ ਵਧਦੀ ਜਾ ਰਹੀ ਹੈ। ਇਹ ਬਾਰ ਰੇਸਤਰਾਵਾਂ, ਹੋਟਲਾਂ, ਕਲੱਬਾਂ ਵਿਚ  ਖੁੱਲ੍ਹ ਰਹੇ ਹਨ। ਇਥੋਂ ਤਕ ਕਿ ਵਿਆਹਾਂ ਵਿਚ ਵੀ ਹੁੱਕੇ ਪੇਸ਼ ਕੀਤੇ ਜਾ ਰਹੇ ਹਨ। ਮਹਿੰਦਰਾ  ਨੇ ਕਿਹਾ ਸੀ ਕਿ ਹੁੱਕੇ ਵਿਚ ਸਭ ਤੋਂ ਹਾਨੀਕਾਰਕ ਨਿਕੋਟੀਨ ਹੈ, ਜਿਸ ਨੂੰ ਕੈਂਸਰਕਾਰੀ ਦੇ  ਰੂਪ ਵਿਚ ਮੰਨਿਆ ਜਾਂਦਾ ਹੈ।

© 2016 News Track Live - ALL RIGHTS RESERVED