ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣ ਦੀ ਮੰਗ ’ਤੇ ਸਹਿਮਤੀ

Nov 23 2018 03:09 PM
ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣ ਦੀ ਮੰਗ ’ਤੇ ਸਹਿਮਤੀ

ਚੰਡੀਗੜ੍

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕਿਸੇ ਢੁੱਕਵੀਂ ਥਾਂ ’ਤੇ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣ ਦੀ ਮੰਗ ’ਤੇ ਸਹਿਮਤੀ ਪ੍ਰਗਾਉਂਦਿਆਂ ਇਸ ਲਈ ਛੇਤੀ ਹੀ ਕਾਰਵਾਈ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਹੈ ਤੇ ਛੇਤੀ ਹੀ ਦਿੱਲੀ ਵਿਚ ਕਿਸੇ ਮਹੱਤਵਪੂਰਨ ਚੌਕ ’ਚ ਸ਼ਹੀਦ ਊਧਮ ਸਿੰਘ ਦਾ ਬੁੱਤ ਲਾਉਣ ਲਈ ਥਾਂ ਦੀ ਨਿਸ਼ਾਨਦੇਹੀ ਕਰ ਲਈ ਜਾਵੇਗੀ। ਇਹ ਗੱਲ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਦੱਸੀ। ਉਨ੍ਹਾਂ ਦੱਸਿਆ ਕਿ ਬੀਤੇ ਕੱਲ ਦਿੱਲੀ ਵਿਖੇ ਇੰਟਰਨੈਸ਼ਨਲ ਕੰਬੋਜ ਸਮਾਜ ਦੇ ਇਕ ਵਫਦ ਨੇ ਹਰੀ ਨਗਰ ਤੋਂ ਵਿਧਾਇਕ ਜਗਦੀਪ ਸਿੰਘ ਦੀ ਅਗਵਾਈ ਵਿਚ ਮੁੱਖ ਮੰਤਰੀ ਨਿਵਾਸ ’ਤੇ ਜਾ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਤੋਂ ਦਿੱਲੀ ਵਿਚ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਵਾਉਣ ਦੀ ਮੰਗ ਕੀਤੀ ਗਈ ਸੀ। ਕੰਬੋਜ ਨੇ ਦੱਸਿਆ ਕਿ ਇਸ ਮੌਕੇ ਸਮਾਜ ਵਲੋਂ ਕੇਜਰੀਵਾਲ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਉਹ ਜਲਿਆਂਵਾਲਾ ਬਾਗ ਕਾਂਡ ਦੀ ਸ਼ਤਾਬਦੀ ਵਰ੍ਹੇਗੰਢ ਮੌਕੇ ਇੰਗਲੈਂਡ ਦੀ ਪਾਰਲੀਮੈਂਟ ਵਲੋਂ ਇਸ ਸਬੰਧੀ ਨਿਖੇਧੀ ਮਤਾ ਪਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਵਿਧਾਨ ਸਭਾ ਵਿਚ ਮਤਾ ਪਾਸ ਕਰਵਾਉਣ ਤੇ ਬ੍ਰਿਟਿਸ਼ ਸਰਕਾਰ ’ਤੇ ਦਬਾਅ ਬਣਾਉਣ ਵਿਚ ਆਪਣਾ ਬਣਦਾ ਯੋਗਦਾਨ ਦੇਣ। ਇਸ ਮੌਕੇ ਵਫਦ ਵਲੋਂ ਕੇਜਰੀਵਾਲ ਨੂੰ ਸਨਮਾਨ ਨਿਸ਼ਾਨੀ ਵਜੋਂ ਸ਼ਹੀਦ ਊਧਮ ਸਿੰਘ ਦਾ ਛੋਟਾ ਬੁੱਤ ਵੀ ਦਿੱਤਾ ਗਿਆ। ਕੰਬੋਜ ਨੇ ਦੱਸਿਆ ਕਿ ਕੇਜਰੀਵਾਲ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਲੋਡ਼ੀਂਦੀ ਕਾਰਵਾਈ ਕਰਨਗੇ। ਵਫਦ ਵਿਚ ਰਾਜੇਸ਼ ਹਾਂਡਾ, ਮੀਤ ਪ੍ਰਧਾਨ ਨਰੇਸ਼ ਕੰਬੋਜ ਪ੍ਰਧਾਨ ਦਿੱਲੀ ਸਟੇਟ, ਹਰਮੀਤ ਪੰਮਾ ਪ੍ਰਧਾਨ ਪੰਜਾਬ ਅਤੇ ਅੰਕੁਸ਼ ਕੰਬੋਜ ਪ੍ਰਧਾਨ ਹਰਿਆਣਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ। 

© 2016 News Track Live - ALL RIGHTS RESERVED