'ਪੱਕੇ ਮੋਰਚੇ' 'ਚ ਅਧਿਆਪਕਾਂ ਨੇ ਸਰਕਾਰ ਵਿਰੁੱਧ ਧਰਨਾ ਲਾ ਕੇ ਪਿੱਟ-ਸਿਆਪਾ ਕੀਤਾ

Nov 24 2018 03:29 PM
'ਪੱਕੇ ਮੋਰਚੇ' 'ਚ ਅਧਿਆਪਕਾਂ ਨੇ ਸਰਕਾਰ ਵਿਰੁੱਧ ਧਰਨਾ ਲਾ ਕੇ ਪਿੱਟ-ਸਿਆਪਾ ਕੀਤਾ

ਪਟਿਆਲਾ

ਮੁੱਖ ਮੰਤਰੀ ਦੇ ਸ਼ਹਿਰ 'ਚ ਪਿਛਲੇ 49 ਦਿਨਾਂ ਤੋਂ 'ਸਾਂਝੇ ਅਧਿਆਪਕ ਮੋਰਚੇ' ਦੀ ਅਗਵਾਈ ਹੇਠ ਲੱਗੇ 'ਪੱਕੇ ਮੋਰਚੇ' 'ਚ ਅਧਿਆਪਕਾਂ ਨੇ ਸਰਕਾਰ ਵਿਰੁੱਧ ਧਰਨਾ ਲਾ ਕੇ ਪਿੱਟ-ਸਿਆਪਾ ਕੀਤਾ। ਇਸ ਮੌਕੇ 25 ਅਧਿਆਪਕਾਂ ਨੇ ਭੁੱਖ ਹੜਤਾਲ ਵੀ ਕੀਤੀ। ਦੱਸਿਆ ਜਾ ਰਿਹਾ ਹੈ ਕਿ 2 ਤਾਰੀਕ ਨੂੰ ਪਟਿਆਲਾ 'ਚ ਸੰਪੂਰਨ ਚੱਕਾ ਜਾਮ ਕੀਤਾ ਜਾਵੇਗਾ। ਪੰਜਾਬ ਸਰਕਾਰ ਨੂੰ ਕੱਚੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ 'ਤੇ ਪੱਕੇ ਨਾ ਕਰਨ, ਮਹਿੰਗਾਈ ਭੱਤਾ ਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਨਾ ਜਾਰੀ ਕਰਨ ਅਤੇ ਸਰਕਾਰੀ ਸਕੂਲਾਂ ਨੂੰ ਨਿੱਜੀਕਰਨ ਦੀ ਮਾਰ ਹੇਠ ਲਿਆਉਣ ਕਾਰਨ ਸਰਕਾਰ ਖਿਲਾਫ ਅਧਿਆਪਕਾਂ 'ਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। 

ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਹਰਦੀਪ ਟੋਡਰਪੁਰ, ਅਸ਼ਵਨੀ ਅਵਸਥੀ, ਹਰਜੀਤ ਜੁਨੇਜਾ, ਰਾਜੇਸ਼ ਕੁਮਾਰ, ਵਿਕਰਮ ਦੇਵ ਸਿੰਘ, ਕਰਮਜੀਤ ਨਦਾਮਪੁਰ, ਅੰਮ੍ਰਿਤਪਾਲ ਸਿੰਘ ਅਤੇ ਅਰਜਿੰਦਰ ਕਲੇਰ ਨੇ ਦੱਸਿਆ ਕਿ ਸੰਘਰਸ਼ੀ ਅਧਿਆਪਕਾਂ ਨਾਲ ਗੱਲਬਾਤ ਕਰਨ ਤੋਂ ਵੀ ਇਨਕਾਰੀ ਹੋਈ ਪੰਜਾਬ ਸਰਕਾਰ ਖਿਲਾਫ ਅੱਜ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਅਤੇ ਵਿਦਿਆਰਥੀਆਂ ਦੀ ਹਮਾਇਤ ਨਾਲ ਸੂਬੇ ਭਰ 'ਚ ਅਰਥੀ ਫੂਕ ਪ੍ਰਦਰਸ਼ਨ ਕੀਤੇ ਜਾਣਗੇ। ਅਧਿਆਪਕਾਂ, ਸਰਕਾਰੀ ਸਕੂਲਾਂ ਅਤੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ, ਅਧਿਆਪਕਾਂ ਦੀਆਂ ਕਈ ਮਹੀਨਿਆਂ ਤੋਂ ਤਨਖਾਹਾਂ ਰੋਕਣ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸਕੂਲ ਸਿੱਖਿਆ ਬੋਰਡ ਦੀਆਂ ਫੀਸਾਂ 'ਚ ਅੰਤਾਂ ਦੇ ਵਾਧਾ ਕਰਨ ਵਾਲੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਕਥਿਤ ਤੌਰ 'ਤੇ ਮਲਿਕ ਭਾਗੋ ਦੇ ਅਜੋਕੇ ਵਾਰਸ ਗਰਦਾਨਿਆ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਭਾਈ ਲਾਲੋ ਦੇ ਵਾਰਸ ਕਿਰਤੀ ਲੋਕਾਂ, ਅਧਿਆਪਕਾਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸਮੂਹਿਕ ਰੂਪ ਵਿਚ 'ਚ ਹਾਕਮ ਜਮਾਤਾਂ ਦੇ ਜਬਰ ਖਿਲਾਫ ਡਟਣ ਦਾ ਸੁਨੇਹਾ ਦਿੱਤਾ।

ਆਗੂਆਂ ਨੇ ਦੋਸ਼ ਲਾਇਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਸਿੱਖਿਆ ਵਿਰੋਧੀ ਅਤੇ ਜਬਰੀ ਤਿਆਰ ਕਰਵਾਏ ਜਾ ਰਹੇ ਝੂਠੇ ਅੰਕੜਿਆਂ 'ਤੇ ਆਧਾਰਿਤ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਨਾਂ ਦਾ ਪ੍ਰਾਜੈਕਟ ਹੇਠ ਸਿੱਖਿਆ ਦੇ ਸੰਵਿਧਾਨਕ ਢਾਂਚੇ ਦੇ ਸਮਾਨਾਂਤਰ ਜੂਨੀਅਰ ਅਧਿਆਪਕਾਂ ਦਾ ਬਲਾਕ ਮੈਂਟਰਜ਼ (ਬੀ. ਐੱਮ.) ਅਤੇ ਡਿਸਟ੍ਰਿਕਟ ਮੈਟਰਜ਼ (ਡੀ. ਐੱਮ.) ਦੇ ਨਾਵਾਂ ਹੇਠ ਫਰਜ਼ੀ ਅਧਿਕਾਰੀਆਂ ਦਾ ਇਕ ਢਾਂਚਾ ਉਸਾਰ ਕੇ ਸਿੱਖਿਆ ਢਾਂਚੇ ਨੂੰ ਤਹਿਸ-ਨਹਿਸ ਕਰ ਕੇ ਇਸ ਦਾ ਪੂਰੀ ਤਰ੍ਹਾਂ ਮਸ਼ੀਨੀਕਰਨ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਅਪਣਾਈਆਂ ਜਾ ਰਹੀਆਂ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਲਈ ਸੰਘਰਸ਼ਾਂ ਨੂੰ ਹੋਰ ਵਿਆਪਕ ਅਤੇ ਤਿੱਖਾ ਰੂਪ ਦੇਣ ਦਾ ਐਲਾਨ ਵੀ ਕੀਤਾ ਗਿਆ।

© 2016 News Track Live - ALL RIGHTS RESERVED