ਮੋਦੀ ਸਰਕਾਰ ਕੋਲ ਨਹੀਂ ਕੈਂਸਰ ਪੀੜਤਾਂ ਦੀ ਮਦਦ ਲਈ ਪੈਸਾ- ਸੁਨੀਲ ਜਾਖੜ

Jul 26 2018 02:36 PM
ਮੋਦੀ ਸਰਕਾਰ ਕੋਲ ਨਹੀਂ ਕੈਂਸਰ ਪੀੜਤਾਂ ਦੀ ਮਦਦ ਲਈ ਪੈਸਾ- ਸੁਨੀਲ ਜਾਖੜ


ਪਠਾਨਕੋਟ 
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ/ਪਠਾਨਕੋਟ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ 50 ਕਰੋੜ ਅਬਾਦੀ ਨੂੰ 5 ਲੱਖ ਸਲਾਨਾ ਦੀ ਸਿਹਤ ਸੁਰੱਖਿਆ ਦੇਣ ਦੇ ਦਾਅਵੇ ਕਰਨ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਕੋਲ ਕੈਂਸਰ ਪੀੜਤਾਂ ਦੀ ਮਦਦ ਲਈ ਵੀ ਪੈਸਾ ਨਹੀਂ ਹੈ।
ਆਪਣੇ ਲੋਕ ਸਭਾ ਹਲਕੇ ਨਾਲ ਸਬੰਧਤ ਇਕ ਮਰੀਜ ਦਾ ਹਵਾਲਾ ਦਿੰਦਿਆਂ ਸ੍ਰੀ ਸੁਨੀਲ ਜਾਖੜ ਨੇ ਦੱਸਿਆ ਕਿ ਇਸ ਬੱਚੇ ਦਾ ਕੈਂਸਰ ਦਾ ਇਲਾਜ ਲੁਧਿਆਣਾ ਤੋਂ ਚੱਲ ਰਿਹਾ ਹੈ ਅਤੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਇਸ ਬੱਚੇ ਨੂੰ ਮਦਦ ਲਈ ਉਨਾਂ ਖੁਦ ਸੰਸਦ ਮੈਂਬਰ ਵੱਜੋਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਚਿੱਠੀ ਲਿਖੀ ਸੀ ਕਿ ਬੱਚੇ ਦੇ ਇਲਾਜ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਮਦਦ ਕੀਤੀ ਜਾਵੇ। ਪਰ ਇਸ ਸਬੰਧੀ ਪ੍ਰਧਾਨ ਮੰਤਰੀ ਦਫ਼ਤਰ ਨੇ ਲਿਖਤੀ ਤੌਰ ਤੇ ਸ੍ਰੀ ਸੁਨੀਲ ਜਾਖੜ ਨੂੰ ਭੇਜੇ ਪੱਤਰ ਨੰਬਰ 82 14921 2018 ਪੀ.ਐਮ.ਐਫ. ਰਾਹੀਂ ਗੰਭੀਰ ਬਿਮਾਰੀ ਤੋਂ ਪੀੜਤ ਨੂੰ ਕੋਈ ਵੀ ਮਦਦ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਗਿਆ ਜਦ ਕਿ ਪ੍ਰਧਾਨ ਮੰਤਰੀ ਰਾਹਤ ਫੰਡ ਦੇ ਨਿਯਮਾਂ ਅਨੁਸਾਰ ਹੀ ਸਾਰੇ ਜਰੂਰੀ ਦਸਤਾਵੇਜ ਲਗਾ ਕੇ ਪ੍ਰਧਾਨ ਮੰਤਰੀ ਤੋਂ ਮਦਦ ਮੰਗੀ ਗਈ ਸੀ।
ਸ੍ਰੀ ਜਾਖੜ ਨੇ ਕਿਹਾ ਕਿ ਇਕ ਪਾਸੇ ਤਾਂ ਪ੍ਰਧਾਨ ਮੰਤਰੀ ਦਾਅਵੇ ਕਰ ਰਹੇ ਹਨ ਕਿ ਦੇਸ਼ ਵਿਚ ਅਜਿਹੀ ਸਿਹਤ ਬੀਮਾ ਸਕੀਮ ਲਾਗੂ ਕੀਤੀ ਜਾ ਰਹੀ ਹੈ ਜਿਸ ਵਿਚ ਹਰ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦੇ ਸਲਾਨਾ ਇਲਾਜ ਦੀ ਸੁਵਿਧਾ ਹੋਵੇਗਾ ਦੂੱਜੇ ਪਾਸੇ ਕੈਂਸਰ ਵਰਗੇ ਗੰਭੀਰ ਰੋਗਾਂ ਤੋਂ ਪੀੜਤ ਲੋਕਾਂ ਦੀ ਮਦਦ ਲਈ ਪ੍ਰਧਾਨ ਮੰਤਰੀ ਦਫ਼ਤਰ ਕੋਲ ਪੈਸਾ ਨਹੀਂ ਹੈ। ਉਨਾਂ ਨੇ ਕਿਹਾ ਕਿ ਇਹ ਤੱਥ ਭਾਜਪਾ ਸਰਕਾਰ ਦੇ ਦੋਹਰੇ ਚਰਿੱਤਰ ਨੂੰ ਹੀ ਜਗ ਜਾਹਿਰ ਕਰਦਾ ਹੈ। 
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਨਿੱਤ ਦਿਨ ਜਨਤਾ ਨੂੰ ਨਵੇਂ ਨਵੇਂ ਲਾਰੇ ਲਗਾ ਕੇ ਆਪਣੀ ਮਿਆਦ ਪੁਗਾ ਰਹੀ ਹੈ ਜਦ ਕਿ ਅਸਲ ਵਿਚ ਇਹ ਸਰਕਾਰ ਹਰ ਮੁਹਾਜ ਤੇ ਅਸਫਲ ਸਿੱਧ ਹੋ ਰਹੀ ਹੈ। ਉਨਾਂ ਨੇ ਕਿਹਾ ਕਿ ਸਿਹਤ ਬੀਮਾ ਸਬੰਧੀ ਵੀ ਇਹ ਸਰਕਾਰ ਰਾਜ ਸਰਕਾਰ ਤੇ ਬੋਝ ਪਾਉਣ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਸ: ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਦੇਸ਼ ਵਿਚ ਰਾਸ਼ਟਰੀ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਸੀ ਅਤੇ ਇਸਦਾ ਲਾਭ ਵੀ ਦੇਸ਼ ਦੇ ਕਰੋੜਾ ਲੋਕਾਂ ਤੱਕ ਪੁੱਜਿਆ ਸੀ। ਜਦ ਕਿ ਮੋਦੀ ਸਰਕਾਰ ਦਾ ਆਖਰੀ ਸਾਲ ਚੱਲ ਰਿਹਾ ਹੈ ਅਤੇ ਹਾਲੇ ਤੱਕ ਇਹ ਸਰਕਾਰ ਐਲਾਣਾਂ ਤੋਂ ਅੱਗੇ ਨਹੀਂ ਚੱਲ ਸਕੀ।    

© 2016 News Track Live - ALL RIGHTS RESERVED