ਜੇਕਰ ਅਧਿਆਪਕਾਂ ਦਾ ਅੰਦੋਲਨ ਖਤਮ ਨਹੀਂ ਹੋਇਆ ਤਾਂ ਕਾਨੂੰਨ ਆਪਣਾ ਕੰਮ ਕਰੇਗਾ

Oct 10 2018 03:02 PM
ਜੇਕਰ ਅਧਿਆਪਕਾਂ ਦਾ ਅੰਦੋਲਨ ਖਤਮ ਨਹੀਂ ਹੋਇਆ ਤਾਂ ਕਾਨੂੰਨ ਆਪਣਾ ਕੰਮ ਕਰੇਗਾ

ਚੰਡੀਗੜ੍ਹ

ਅਧਿਆਪਕਾਂ ਦੇ ਪ੍ਰਦਰਸ਼ਨ ਬਾਰੇ ਬੋਲਦਿਆਂ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਸਖਤ ਫੁਰਮਾਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਅਧਿਆਪਕਾਂ ਦਾ ਅੰਦੋਲਨ ਖਤਮ ਨਹੀਂ ਹੋਇਆ ਤਾਂ ਕਾਨੂੰਨ ਆਪਣਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਅਜੇ ਤਾਂ 5 ਅਧਿਆਪਕਾਂ ਨੂੰ ਮੁਅੱਤਲ ਕੀਤਾ ਹੈ ਪਰ ਉਨ੍ਹਾਂ ਦੇ ਨਾਲ-ਨਾਲ ਹੋਰ ਅਧਿਆਪਕ ਵੀ ਮੁਅੱਤਲ ਕੀਤੇ ਜਾ ਸਕਦੇ ਹਨ। ਉਨ੍ਹਾਂ ਪਟਿਆਲਾਂ 'ਚ ਅਧਿਆਪਕਾਂ ਦੇ ਚੱਲ ਰਹੇ ਪ੍ਰਦਰਸ਼ਨ 'ਤੇ ਬੋਲਦੇ ਹੋਏ ਕਿਹਾ ਕਿ ਅਸੀਂ 94 ਫੀਸਦੀ ਅਧਿਆਪਕਾਂ ਦੀ ਮਰਜ਼ੀ ਅਨੁਸਾਰ ਉਨ੍ਹਾਂ ਨੂੰ ਪੱਕਾ ਕਰਨ ਦੀ ਕਵਾਇਦ ਕੀਤੀ ਹੈ ਅਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਪੱਕਾ ਵੀ ਕਰ ਦਿੱਤਾ ਹੈ ਪਰ ਕੁਝ ਯੂਨੀਅਨਾਂ ਆਪਣੀ ਨੇਤਾਗਿਰੀ ਚਮਕਾਉਣ ਲਈ ਅਧਿਆਪਕਾਂ ਨੂੰ ਉਕਸਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਮੇਰੀ ਅਧਿਆਪਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਕੰਮ 'ਤੇ ਵਾਪਸ ਪਰਤਣ ਅਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਾ ਕਰਨ, ਨਹੀਂ ਤਾਂ ਕਾਨੂੰਨ ਫਿਰ ਆਪਣਾ ਕੰਮ ਕਰੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਅਧਿਆਪਕਾਂ ਦੀ ਇਹ ਸੋਚ ਹੈ ਕਿ ਸਰਕਾਰ ਝੂਠ ਬੋਲ ਰਹੀ ਹੈ ਤਾਂ ਅਸੀਂ ਆਨਲਾਈਨ ਲਾਈਨਾਂ ਖੋਲ੍ਹ ਰਹੇ ਹਾਂ ਅਤੇ ਆਉਣ ਵਾਲੇ 2 ਦਿਨਾਂ 'ਚ ਸਭ ਖੁਦ ਹੀ ਦੇਖ ਲੈਣਗੇ ਕਿ ਕਿੰਨੇ ਲੋਕ ਕੰਮ 'ਤੇ ਵਾਪਸ ਆਉਣ ਲਈ ਤਿਆਰ ਹੁੰਦੇ ਹਨ। 

ਸਿੱਖਿਆ ਮੰਤਰੀ ਨੇ ਸੈਕਟਰ-7 ਸਥਿਤ ਆਪਣੀ ਰਿਹਾਇਸ਼ 'ਤੇ 18 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਸਰਕਾਰ ਦਾ ਸਖਤ ਰੁਖ ਸਪੱਸ਼ਟ ਕੀਤਾ। ਸਿੱਖਿਆ ਮੰਤਰੀ ਨੇ 10ਵੀਂ ਤੇ 12ਵੀਂ ਜਮਾਤ ਦੇ 18 ਵਿਦਿਆਰਥੀਆਂ ਨੂੰ ਸਾਢੇ 15 ਲੱਖ ਰੁਪਏ ਦੇ ਨਕਦੀ ਪੁਰਸਕਾਰ ਦਿੱਤੇ। ਇਸ ਦੇ ਨਾਲ ਹੀ 'ਪੰਜਾਬ ਸਕੂਲ ਸਿੱਖਿਆ ਬੋਰਡ' ਦੇਸ਼ ਦਾ ਪਹਿਲਾ ਅਜਿਹਾ ਬੋਰਡ ਬਣ ਗਿਆ, ਜੋ ਇੰਨੀ ਵੱਡੀ ਰਕਮ ਵਿਦਿਆਰਥੀਆਂ ਦੇ ਹੌਂਸਲੇ ਲਈ ਦਿੰਦਾ ਹੈ। ਸਿੱਖਿਆ ਮੰਤਰੀ ਵਲੋਂ ਸਕੂਲ ਦੇ ਪ੍ਰਿੰਸੀਪਲ ਨੂੰ ਵੀ 2 ਲੱਖ ਦੇਣ ਦਾ ਐਲਾਨ ਕੀਤਾ ਗਿਆ, ਜਿਸ ਦੇ ਸਕੂਲ ਦੇ 5 ਬੱਚੇ ਇਨ੍ਹਾਂ 18 ਬੱਚਿਆਂ ਦੀ ਸੂਚੀ 'ਚ ਸ਼ਾਮਲ ਹਨ।

© 2016 News Track Live - ALL RIGHTS RESERVED