ਕਬਜ਼ੇ ਦੀਵਾਲੀ ਤੋਂ ਪਹਿਲਾਂ-ਪਹਿਲਾਂ ਹਟਾਉਣ ਦੀ ਪੂਰੀ ਤਿਆਰੀ

Oct 23 2018 03:41 PM
ਕਬਜ਼ੇ ਦੀਵਾਲੀ ਤੋਂ ਪਹਿਲਾਂ-ਪਹਿਲਾਂ ਹਟਾਉਣ ਦੀ  ਪੂਰੀ ਤਿਆਰੀ

ਜਲੰਧਰ

ਨਗਰ ਨਿਗਮ ਪ੍ਰਸ਼ਾਸਨ ਨੇ ਮਾਡਲ ਟਾਊਨ ਅਤੇ ਜੀ. ਟੀ. ਬੀ. ਨਗਰ  ਦਰਮਿਆਨ ਪੈਂਦੇ ਲਤੀਫਪੁਰਾ (ਡੇਰੀਆਂ) ਦੇ ਕਬਜ਼ੇ ਦੀਵਾਲੀ ਤੋਂ ਪਹਿਲਾਂ-ਪਹਿਲਾਂ ਹਟਾਉਣ ਦੀ  ਪੂਰੀ ਤਿਆਰੀ ਕਰ ਲਈ ਹੈ। ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਦੱਸਿਆ ਕਿ ਸਾਰੇ ਕਬਜ਼ਾਧਾਰੀਆਂ  ਨੂੰ ਨੋਟਿਸ ਸਰਵ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿਚ 10 ਦਿਨਾਂ ਦੇ ਅੰਦਰ ਕਬਜ਼ੇ ਹਟਾਉਣ  ਨੂੰ ਕਿਹਾ ਗਿਆ ਹੈ। ਅਲਟੀਮੇਟਮ ਦੀ ਮਿਆਦ ਖਤਮ ਹੁੰਦਿਆਂ ਹੀ ਨਿਗਮ ਵਲੋਂ ਕਾਰਵਾਈ ਕੀਤੀ  ਜਾਵੇਗੀ। ਜ਼ਿਕਰਯੋਗ ਹੈ ਕਿ ਲਤੀਫਪੁਰਾ ਦੇ ਨਾਲ-ਨਾਲ ਨਿਗਮ ਵਲੋਂ ਨਿਊ ਗ੍ਰੀਨ ਮਾਡਲ  ਟਾਊਨ ਵਿਚੋਂ ਲੰਘਦੀ 120 ਫੁੱਟ ਰੋਡ ਨੂੰ ਵੀ ਖਾਲੀ ਕਰਵਾਇਆ ਜਾਵੇਗਾ। ਮੰਨਿਆ ਜਾ ਰਿਹਾ  ਹੈ ਕਿ ਨਿਗਮ ਦੇ ਤੇਵਰਾਂ ਨੂੰ ਵੇਖਦਿਆਂ ਇਸ ਵਾਰ ਲਤੀਫਪੁਰਾ ਅਤੇ ਗ੍ਰੀਨ ਮਾਡਲ ਟਾਊਨ ਵਿਚ  ਰਾਜਸੀ ਆਗੂਆਂ ਦਾ ਵਿਰੋਧ ਵੇਖਣ ਨੂੰ ਨਹੀਂ ਮਿਲੇਗਾ।
ਰੇਹੜੀਆਂ ਨੂੰ ਵਾਪਸ ਭੇਜੇਗਾ ਨਿਗਮ : ਕਮਿਸ਼ਨਰ  ਸ਼੍ਰੀ ਲਾਕੜਾ ਨੇ ਦੱਸਿਆ ਕਿ ਨਿਗਮ ਵਰਕਸ਼ਾਪ ਵਿਚ ਖੜ੍ਹੀਆਂ ਕੂੜਾ ਢੋਣ ਵਾਲੀਆਂ ਛੋਟੀਆਂ  ਰੇਹੜੀਆਂ ਨੂੰ ਵਾਪਸ ਕੰਪਨੀ ਕੋਲ ਭੇਜਿਆ ਜਾਵੇਗਾ ਅਤੇ ਉਨ੍ਹਾਂ ਨੂੰ ਵਰਤੋਂ ਵਿਚ ਨਹੀਂ  ਲਿਅਾਂਦਾ ਜਾਵੇਗਾ। ਕਮਿਸ਼ਨਰ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਇਨ੍ਹਾਂ ਰੇਹੜੀਆਂ ਦੀ  ਖਰੀਦ ਕੀਤੀ ਗਈ ਸੀ ਪਰ ਤਕਨੀਕੀ ਰੂਪ ਵਿਚ ਸਹੀ ਨਾ ਹੋਣ ਕਾਰਨ ਇਨ੍ਹਾਂ ਨੂੰ ਵਰਤਿਆ ਨਹੀਂ  ਗਿਆ। ਕਮਿਸ਼ਨਰ ਨੇ ਦੱਸਿਆ ਕਿ ਰੇਹੜੀਆਂ ਦੀ ਖਰੀਦ ਨਾਲ ਜੁੜੇ ਇਕ ਕਲਰਕ (ਸੁਨੀਲ ਰਾਣਾ)  ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਅਤੇ ਦੂਜਾ ਨਿਗਮ ਅਧਿਕਾਰੀ ਰਿਟਾਇਰ ਹੋ ਚੁੱਕਾ ਹੈ,  ਇਸ ਲਈ ਇਸ ਮਾਮਲੇ ਵਿਚ ਹੁਣ ਕੁਝ ਨਹੀਂ ਹੋ ਸਕਦਾ।
ਬਾਇਓਮਾਈਨਿੰਗ ਬਾਰੇ ਸਥਿਤੀ ਸਪੱਸ਼ਟ ਹੋਵੇ : ਨਿਗਮ  ਕਮਿਸ਼ਨਰ ਦੀਪਰਵ ਲਾਕੜਾ ਮੰਗਲਵਾਰ ਨੂੰ ਬਾਇਓਮਾਈਨਿੰਗ ਪਲਾਂਟ ਦੇ ਵਿਸ਼ੇ ’ਤੇ ਚੰਡੀਗੜ੍ਹ ’ਚ ਹੋਣ ਜਾ ਰਹੀ ਬੈਠਕ ’ਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਦੀ ਮਨਜ਼ੂਰੀ  ਮਿਲ ਚੁੱਕੀ ਹੈ ਅਤੇ ਜਲਦੀ ਹੀ ਟੈਂਡਰ ਡਾਕੂਮੈਂਟ ਤਿਆਰ ਕਰ ਕੇ ਸਰਕਾਰ ਕੋਲ ਭੇਜਿਆ ਜਾਵੇਗਾ  ਅਤੇ ਪਾਸ  ਹੁੰਦਿਆਂ ਹੀ ਟੈਂਡਰ ਲਾ ਦਿੱਤੇ ਜਾਣਗੇ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ  ਕਿ ਬਾਇਓਮਾਈਨਿੰਗ ਪਲਾਂਟ ਦੇ ਵਿਰੋਧ ਨੂੰ ਕਿਵੇਂ ਝੱਲਿਆ ਜਾਵੇਗਾ ਤਾਂ ਉਨ੍ਹਾਂ ਕਿਹਾ ਕਿ  ਵਿਰੋਧ ਕਰਨ ਵਾਲਿਆਂ ਨੂੰ ਦੱਖਣੀ ਭਾਰਤ ਦੇ ਸ਼ਹਿਰ ਕੁੰਭਾਕੋਣਮ ਭੇਜਿਆ ਜਾ ਸਕਦਾ ਹੈ, ਜਿਥੇ  ਇਹ ਪਲਾਂਟ ਸਫਲਤਾ ਨਾਲ ਕੰਮ ਕਰ ਰਿਹਾ ਹੈ। ਵਿਰੋਧੀਆਂ ਨੂੰ ਵਿਸ਼ਵਾਸ ਵਿਚ ਲੈ ਕੇ ਹੀ  ਅਗਲੀ ਕਾਰਵਾਈ ਕੀਤੀ ਜਾਵੇਗੀ।

© 2016 News Track Live - ALL RIGHTS RESERVED