ਬੇਟੀ ਜਮਣ ਤੇ ਘਰੋ ਕੱਢਿਆ

Oct 23 2018 03:41 PM
ਬੇਟੀ ਜਮਣ ਤੇ ਘਰੋ ਕੱਢਿਆ

ਲੁਧਿਆਣਾ

ਵਿਆਹੁਤਾ ਖੁਸ਼ਮਿੰਦਰ ਕੌਰ ਨਿਵਾਸੀ ਲਾਲ ਬਾਗ ਕਾਲੋਨੀ ਨੇ ਆਪਣੇ ਨਸ਼ੇਡ਼ੀ ਪਤੀ ਅਤੇ ਸੱਸ-ਸਹੁਰੇ  ਤੇ ਨਣਦ ਖਿਲਾਫ ਥਾਣਾ ਵੂਮੈਨ ਸੈੱਲ ਦੀ ਪੁਲਸ ਨੂੰ 6 ਜੁਲਾਈ 2018 ਨੂੰ ਦਾਜ ਦੀ ਖਾਤਰ ਤੰਗ-ਪ੍ਰੇਸ਼ਾਨ ਤੇ ਕੁੱਟ-ਮਾਰ ਦੀ ਲਿਖਤੀ ਸ਼ਿਕਾਇਤ ਦਿੱਤੀ ਸੀ ਪਰ ਥਾਣਾ ਵੂਮੈਨ ਸੈੱਲ ਦੀ ਪੁਲਸ ਨੇ ਸਿਰਫ ਪੀਡ਼ਤਾ ਦੇ ਪਤੀ ’ਤੇ ਹੀ ਦਾਜ ਦਾ ਪਰਚਾ ਦਰਜ ਕੀਤਾ ਹੈ। 
 ਖੁਸ਼ਮਿੰਦਰ ਕੌਰ ਦੇ ਪਿਤਾ ਅਮਰਜੀਤ ਸਿੰਘ ਨੇ ਦੱਸਿਆ ਕਿ ਮੇਰੀ ਬੇਟੀ ਦਾ ਵਿਆਹ ਚਰਨਜੀਤ ਸਿੰਘ ਨਿਵਾਸੀ ਗੁਰੂ ਨਾਨਕ ਨਗਰ (ਜਲੰਧਰ) ਦੇ ਨਾਲ 1 ਫਰਵਰੀ 2009 ਨੂੰ ਹੋਇਆ ਸੀ। ਵਿਆਹ ਤੋਂ ਅਗਲੇ ਹੀ ਦਿਨ ਬੇਟੀ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਨਸ਼ੇਡ਼ੀ ਹੈ ਅਤੇ ਉਹ ਹਰ ਤਰ੍ਹਾਂ ਦਾ ਨਸ਼ਾ ਕਰਨ ਦਾ ਆਦੀ ਹੈ ਪਰ ਇਹ ਗੱਲ ਮੇਰੀ ਬੇਟੀ ਨੇ ਸਾਨੂੰ ਨਹੀਂ ਦੱਸੀ। ਵਿਆਹ ਤੋਂ ਦੋ ਮਹੀਨੇ ਬਾਅਦ ਉਸ ਦੇ ਸਹੁਰੇ ਵਾਲੇ ਉਸ ਨੂੰ ਦਾਜ ਲਿਆਉਣ ਲਈ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਲੱਗੇ। ਜਦੋਂ ਸਾਨੂੰ ਲਡ਼ਕੀ ਨੇ ਦੱਸਿਆ ਕਿ ਮੇਰਾ ਪਤੀ ਨਸ਼ਾ ਕਰ ਕੇ ਕੁੱਟ-ਮਾਰ ਕਰਦਾ ਹੈ ਤਾਂ ਅਸੀਂ ਇਸ ਦੀ ਸ਼ਿਕਾਇਤ ਜਲੰਧਰ ਪੁਲਸ ਸਟੇਸ਼ਨ ਵਿਚ ਕੀਤੀ। ਉੱਥੇ ਇਹ ਲਿਖਤੀ ਮੁਆਫੀਨਾਮਾ ਮੰਗ ਕੇ ਲਡ਼ਕੀ ਨੂੰ ਆਪਣੇ ਨਾਲ ਲੈ ਗਏ। ਵਿਆਹ ਤੋਂ ਬਾਅਦ ਮੇਰੀ ਬੇਟੀ ਨੇ ਬੇਟੀ ਨੂੰ ਜਨਮ ਦਿੱਤਾ। ਬੇਟੀ ਦੇ ਜਨਮ ’ਤੇ ਉਸ ਦੇ ਸਹੁਰੇ ਵਾਲਿਆਂ ਨੇ ਕਿਹਾ ਕਿ ਤੂੰ ਬੇਟੀ ਨੂੰ ਜਨਮ ਦਿੱਤਾ ਹੈ, ਸਾਨੂੰ ਤਾਂ ਬੇਟੇ ਦੀ ਲੋਡ਼ ਹੈ, ਜਿਸ ਕਾਰਨ ਉਨ੍ਹਾਂ ਨੇ ਮੇਰੀ ਬੇਟੀ ਨੂੰ ਘਰੋਂ ਕੱਢ ਦਿੱਤਾ। ਇਸ ਦੀ ਸ਼ਿਕਾਇਤ ਅਸੀਂ ਡੀ. ਜੀ. ਪੀ. ਅਤੇ ਪੁਲਸ ਕਮਿਸ਼ਨਰ ਨੂੰ ਦਿੱਤੀ। ਉਸ ਤੋਂ ਬਾਅਦ ਉਸ ਦੇ ਸਹੁਰੇ ਵਾਲੇ ਜਲੰਧਰ ਦੇ ਕੁੱਝ ਪਤਵੰਤੇ ਵਿਅਕਤੀਆਂ ਨੂੰ ਨਾਲ ਲੈ ਕੇ ਆਏ ਅਤੇ ਉਥੇ ਉਨ੍ਹਾਂ ਨੇ ਆਪਣੀ ਗਲਤੀ ਮੰਨ ਕੇ ਕਿਹਾ ਕਿ ਅੱਗੇ ਤੋਂ ਲਡ਼ਕੀ ਦੇ ਨਾਲ ਕਿਸੇ ਤਰ੍ਹਾਂ ਦਾ ਦੁਰਵਿਵਹਾਰ ਨਹੀਂ ਕੀਤਾ ਜਾਵੇਗਾ। ਅਜਿਹਾ ਕਹਿ ਕੇ ਉਹ ਲਡ਼ਕੀ ਨੂੰ ਮੁਡ਼ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਮੇਰੀ ਲਡ਼ਕੀ ਨੇ ਫਿਰ ਦੂਜੀ ਲਡ਼ਕੀ ਨੂੰ ਜਨਮ ਦਿੱਤਾ। ਲਡ਼ਕੀ ਦੇ ਜਨਮ ਤੋਂ ਕੁੱਝ ਸਮਾਂ ਬਾਅਦ ਉਸ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਹੋਰ ਜ਼ਿਆਦਾ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਅਸੀਂ ਬੇਟੀ ਨੂੰ ਦੇਖਣ ਗਏ ਤਾਂ ਉਹ ਬੇਟੀ ਦਾ ਘਰ ਵਸਾਉਣ ਲਈ ਦਾਜ ਵਿਚ 10 ਲੱਖ ਰੁਪਏ ਦੀ ਮੰਗ ਕਰਨ ਲੱਗੇ। ਜਦੋਂ ਅਸੀਂ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਮੇਰੀ ਬੇਟੀ ਦੇ ਪਤੀ, ਸੱਸ-ਸਹੁਰਾ ਅਤੇ ਨਣਦ ਨੇ ਸਾਡੇ ਨਾਲ ਕੁੱਟ-ਮਾਰ ਅਤੇ ਗਾਲੀ-ਗਲੋਚ ਕਰ ਕੇ ਸਾਨੂੰ ਅਤੇ ਮੇਰੀ ਬੇਟੀ ਅਤੇ ਦੋਵੇਂ ਦੋਹਤੀਆਂ ਨੂੰ ਬੇਇੱਜ਼ਤ ਕਰ ਕੇ ਘਰੋਂ ਬਾਹਰ ਕੱਢ ਦਿੱਤਾ। ਜਾਂਚ ਅਧਿਕਾਰੀ ਤਰਸੇਮ ਸਿੰਘ ਨੇ ਜਾਂਚ ਵਿਚ ਪੀਡ਼ਤਾ ਦੇ ਪਤੀ ਚਰਨਜੀਤ ਸਿੰਘ ਖਿਲਾਫ ਦਾਜ ਦੀ ਖਾਤਰ ਜ਼ੁਲਮ  ਕਰਨ ਦਾ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

© 2016 News Track Live - ALL RIGHTS RESERVED