ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬੱਚਿਆਂ ਨੂੰ ਜਾਗਰੁਕ ਕੀਤਾ ਗਿਆ

Nov 09 2018 02:51 PM
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬੱਚਿਆਂ ਨੂੰ ਜਾਗਰੁਕ ਕੀਤਾ  ਗਿਆ



ਪਠਾਨਕੋਟ
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚਲਾਈ ਜਾ ਰਹੀ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਦੇ ਬੱਚਿਆਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਣ ਨਾਲ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਗਰੁਕ ਕੀਤਾ ਗਿਆ।ਪ੍ਰਿੰਸੀਪਲ ਵਿਜੇ ਰਾਣੀ ਦੇ ਪ੍ਰਬੰਧਾਂ ਹੇਠ ਕਰਵਾਏ ਗਏ ਜਾਗਰੁਕਤਾ ਸਮਾਰੋਹ ਮੌਕੇ ਡਾ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਬੱਚਿਆਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕੀਤਾ ।ਹੋਰਨਾਂ ਤੋਂ ਇਲਾਵਾ ਡਾ ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ,ਸ਼੍ਰੀ ਪ੍ਰਬੋਧ ਚੰਦਰ,   ਅੰਸ਼ੁਮਨ ਸ਼ਰਮਾ ਖੇਤੀ ਉਪ ਨਿਰੀਖਕ,ਸੁਖਜਿੰਦਰ ਸਿੰਘ ਸਹਾਇਕ ਟੈਕਨੀਕਲ ਪ੍ਰਬੰਧਕ,ਸੁਭਾਸ਼ ਕੁਮਾਰ, ਸਮੇਤ ਵੱਡੀ ਗਿਣਤੀ ਵਿਚ ਬੱਚੇ ਹਾਜ਼ਰ ਸਨ। 
        ਸਕੂਲ ਦੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਅਮਰੀਕ ਸਿੰਘ ਨੇ ਕਿਹਾ ਕਿ ਮਨੁੱਖੀ ਗਲਤੀਆਂ ਕਾਰਨ ਮਨੁੱਖੀ ਜੀਵਨ ਲਈ ਜ਼ਰੂਰੀ ਕੁਦਰਤੀ ਸੋਮੇ ਜਿਵੇਂ ਹਵਾ,ਪਾਣੀ ਅਤੇ ਮਿੱਟੀ ਪੂਰੀ ਤਰਾਂ ਪ੍ਰਦੂਸ਼ਿਤ ਹੋ ਚੁੱਕੇ ਹਨ।ਉਨਾਂ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਣ ਕਰਨ ਵਿੱਚ ਕਾਰਖਾਨਿਆਂ,ਥਰਮਲ ਪਲਾਂਟਾਂ,ਵਾਹਨਾਂ ਅਤੇ ਫਸਲ਼ਾਂ ਦੀ ਰਹਿੰਦ ਖੂੰਹਦ ਸਾੜਣ ਆਦਿ ਅਹਿਮ ਰੋਲ ਅਦਾ ਕਰ ਰਹੇ ਹਨ।ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਮਨੁੱਖੀ,ਪਸ਼ੂਆਂ  ਦੀ ਸਿਹਤ ਅਤੇ ਚੌਗਿਰਤੇ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।ਉਨਾਂ ਕਿਹਾ ਕਿ ਪਰਾਲੀ ਨੂੰ ਅੱਗ ਲੱਗਣ ਨਾਲ ਪੈਦਾ ਹੋਈਆ ਜ਼ਹਿਰੀਲੀਆ ਗੈਸਾਂ ਨਾਲ ਬੱਚਿਆਂ ,ਬਜੁਰਗਾਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਤੇ ਸਭ ਤੋਂ ਮਾੜਾ ਪ੍ਰਭਾਵ ਪੈਂਦਾ ਹੈ।ਉਨਾਂ ਕਿਹਾ ਕਿ ਦੀਵਾਲੀ ਮੌਕੇ ਪਟਾਕੇ ਚਲਾਉਣ ਨਾਲ ਹਵਾ ਦਾ ਪ੍ਰਦੂਸ਼ਣ ਹੋਰ ਵਧ ਜਾਂਦਾ ਹੈ ਕਿਉਂਕਿ ਪਟਾਕੇ ਚਲਾਉਣ ਨਾਲ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ 6-8 ਘੰਟੇ ਤੱਕ ਵੱਤਾਵਰਣ ਵਿੱਚ ਮੌਜੂਦ ਰਹਿੰਦੀਆਂ ਹਨ,ਜੋ ਅਨੇਕਾਂ ਮਾਰੂ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ।ਉਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਦੀਵਾਲੀ ਮੌਕੇ ਪਟਾਕੇ ਨਾਂ ਚਲਾਏ ਜਾਣ ਸਗੋਂ ਇਸ ਪਵਿੱਤਰ ਤਿਉਹਾਰ ਨੂੰ ਗਰੀਨ ਦੀਵਾਲੀ ਦੇ ਤੌਰ ਤੇ ਮਨਾਇਆ ਜਾਵੇ।ਉਨਾਂ ਕਿਹਾ ਕਿ ਵਾਤਾਵਰਣ ਦੇ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਸਮਾਜ ਦੇ ਹਰ ਵਰਗ ਨੂੰ ਸੁਹਿਰਦ ਯਤਨ ਕਰਨ ਦੀ ਜ਼ਰੂਰਤ ਹੈ ਤਾਂ ਜੋ ਇੱਕ ਸਿਹਤਮੰਦ ਸਮਜ ਦੀ ਸਿਰਜਨਾ ਕੀਤੀ ਜਾ ਸਕੇ।ਡਾ ਮਨਦੀਪ ਕੌਰ ਨੇ ਕਿਹਾ ਕਿ ਇੱਕ ਟਨ ਝੋਨੇ ਦੀ ਪਰਾਲੀ ਸਾੜਣ ਨਾਲ 400 ਕਿਲੋ ਜੈਵਿਕ ਕਾਰਬਨ,5.5 ਕਿਲੋ ਨਾਈਟ੍ਰੋਜਨ,2.3 ਕਿਲੋ ਫਾਸਫੋਰਸ,25 ਕਿਲੋ ਪੋਟਾਸ਼,1.2 ਕਿਲੋ ਸਲਫਰ ਅਤੇ ਮਿੱਟੀ ਵਿਚਲੇ ਲਘੂ ਜੀਵਾਂ ਦਾ ਬਹੁਤ ਨੁਕਸਾਨ ਹੁੰਦਾ ਹੈ।ਉਨਾਂ ਬੱਚਿਆ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਆਪਣੇ ਮਾਪਿਆਂ,ਆਢੀਆਂ ਗੁਆਂਢੀਆਂ,ਰਿਸ਼ਤੇਦਾਰਾਂ ਨੂੰ ਝੋਨੇ ਦੀ ਪਰਾਲੀ ਨਾਂ ਸਾੜਣ ਬਾਰੇ ਪ੍ਰੇਰਿਤ ਕਰਨ।ਵਧੀਕ ਪ੍ਰਿਸੀਪਲ ਨੇ ਕਿਹਾ ਕਿ ਵਾਤਾਵਰਣ ਦੀ ਸੁੱਧਤਾ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਨਹੀਂ ਸਾੜਣਾ ਚਾਹੀਦਾ ਸਗੋਂ ਖੇਤਾ ਵਿੱਚ ਵਾਹ ਕੇ ਹੀ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ ।ਉਨਾਂ ਕਿਹਾ ਕਿ ਇਸ ਤਰਾਂ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੂੰਦਾ ਹੈ ਅਤੇ ਵਾਤਾਵਰਣ ਵੀ ਪ੍ਰਦੂਸ਼ਣ ਨਹੀਂ ਹੁੰਦਾ।ਅੰਸ਼ੁਮਨ ਸ਼ਰਮਾ ਨੇ ਅਖੀਰ ਵਿੱਚ ਸਕੂਲ ਦੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ।

© 2016 News Track Live - ALL RIGHTS RESERVED