ਨਗਰ ਸੁਧਾਰ ਟਰੱਸਟ ਇਸ਼ਤਿਹਾਰਬਾਜ਼ੀ ਸਕੈਂਡਲ ਦੋਸ਼ੀ ਕਲਰਕ ਵਿਸ਼ਾਲ ਦਾ ਆਤਮ ਸਮਰਪਣ

Nov 10 2018 03:14 PM
ਨਗਰ ਸੁਧਾਰ ਟਰੱਸਟ  ਇਸ਼ਤਿਹਾਰਬਾਜ਼ੀ ਸਕੈਂਡਲ ਦੋਸ਼ੀ ਕਲਰਕ ਵਿਸ਼ਾਲ ਦਾ ਆਤਮ ਸਮਰਪਣ

ਪਠਾਨਕੋਟ

ਨਗਰ ਸੁਧਾਰ ਟਰੱਸਟ ਪਠਾਨਕੋਟ ’ਚ ਇਸ਼ਤਿਹਾਰਬਾਜ਼ੀ ਦੇ ਨਾਂ ’ਤੇ ਹੋਏ ਲਗਭਗ 4 ਕਰੋਡ਼ 96 ਲੱਖ ਰੁਪਏ ਦੇ ਸਕੈਂਡਲ ਸਬੰਧੀ ਨਗਰ ਸੁਧਾਰ ਟਰੱਸਟ ਦਫ਼ਤਰ ਪਠਾਨਕੋਟ ਦੇ ਇਸ ਮਾਮਲੇ ’ਚ ਦੋਸ਼ੀ ਕਲਰਕ ਵਿਸ਼ਾਲ ਨੇ ਵਿਜੀਲੈਂਸ ਵਿਭਾਗ ਗੁਰਦਾਸਪੁਰ ਅੱਗੇ ਆਤਮ ਸਮਰਪਣ ਕਰ ਦਿੱਤਾ। ਵਿਜੀਲੈਂਸ ਵਿਭਾਗ ਨੇ ਵਿਸ਼ਾਲ ਨੂੰ ਅਦਾਲਤ ’ਚ ਪੇਸ਼ ਕਰ ਇਕ ਦਿਨ ਦਾ ਪੁਲਸ ਰਿਮਾਂਡ ਲਿਆ। ਜਦਕਿ ਵਿਜੀਲੈਂਸ ਵਿਭਾਗ ਨੇ ਤਿੰਨ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ਵਿਸ਼ਾਲ ਨੇ ਪੁੱਛਗਿੱਛ ਦੇ  ਦੌਰਾਨ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੇ ਬਿਆਨਾਂ ’ਚ ਕਿਹਾ ਜਿਹਡ਼ਾ ਅਖਬਾਰਾਂ ’ਚ ਦਿੱਤੇ ਇਸ਼ਤਿਹਾਰ ਸਬੰਧੀ ਸਕੈਂਡਲ ਹੋਇਆ ਹੈ, ਉਸ ’ਚ ਉਸ ਦਾ ਕੋਈ ਹੱਥ ਨਹੀਂ ਹੈ ਅਤੇ ਇਹ ਸਾਰਾ ਮਾਮਲਾ ਅਰਵਿੰਦਰ ਸ਼ਰਮਾ ਈ. ਓ. ਨਗਰ ਸੁਧਾਰ ਟਰੱਸਟ ਪਠਾਨਕੋਟ ਅਤੇ ਪੱਤਰਕਾਰ ਜਤਿੰਦਰ ਸ਼ਰਮਾ, ਸੁਰਿੰਦਰ ਮਹਾਜਨ ਤੇ  ਐੱਸ.ਡੀ.ਓ. ਵਿਪਨ ਕੁਮਾਰ ਦੇ ਵਿਚ ਹੋਈ  ਮਿਲੀ-ਭੁਗਤ   ਦਾ ਮਾਮਲਾ ਹੈ। 
ਵਿਜੀਲੈਂਸ ਵਿਭਾਗ ਦੇ ਐੱਸ.ਐੱਸ.ਪੀ. ਆਰ. ਕੇ. ਬਖਸ਼ੀ ਨੇ ਦੱਸਿਆ ਕਿ ਕਲਰਕ ਵਿਸ਼ਾਲ ਦੇ ਆਤਮ ਸਮਰਪਣ ਕਰਨ ਦੇ ਬਾਅਦ ਇਸ ਤੋਂ  ਪੁੱਛਗਿੱਛ ਕਰਨ ਨਾਲ ਕੁੱਝ  ਹੋਰ ਅਹਮ ਖੁਲਾਸੇ  ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ  ਸਾਰਾ ਪੈਸਾ ਬਹੁਤ ਹੀ ਯੋਜਨਾਬੱਧ ਢੰਗ ਨਾਲ ਖੁਰਦ ਬੁਰਦ ਕੀਤਾ ਗਿਆ ਸੀ। 

ਕੀ ਸੀ ਮਾਮਲਾ
 ਇਸ ਸਬੰਧੀ ਵਿਜੀਲੈਂਸ ਵਿਭਾਗ ਦੇ ਐੱਸ.ਐੱਸ.ਪੀ. ਆਰ. ਕੇ. ਬਖਸ਼ੀ ਦੇ ਅਨੁਸਾਰ ਵਿਜੀਲੈਂਸ ਵਿਭਾਗ ਨੇ ਜਾਂਚ ਪਡ਼੍ਹਤਾਲ ’ਚ ਪਾਇਆ ਸੀ ਕਿ ਸਾਲ 2015-16 ’ਚ ਨਗਰ ਸੁਧਾਰ ਟਰੱਸਟ ਪਠਾਨਕੋਟ ’ਚ ਅਖਬਾਰਾਂ ਤੇ ਟੀ. ਵੀ. ਚੈਨਲਾਂ ਨੂੰ ਨਗਰ ਸੁਧਾਰ ਟਰੱਸ਼ਟ ਪਠਾਨਕੋਟ ਦੇ ਟੈਂਡਰ ਆਦਿ ਦੇ ਇਸ਼ਤਿਹਾਰ ਦੇਣ ਦੇ ਨਾਂ ’ਤੇ ਟਰੱਸਟ ’ਚ ਲਗਭਗ 4 ਕਰੋਡ਼ 96 ਲੱਖ ਰੁਪਏ ਦਾ ਘਪਲਾ ਹੋਇਆ ਸੀ। ਇਸ ਸਬੰਧੀ ਜਾਂਚ ਪਡ਼੍ਹਤਾਲ ਦੇ ਬਾਅਦ ਉਸ ਸਮੇਂ ਦੇ ਈ.ਓ. ਅਰਵਿੰਦਰ ਸ਼ਰਮਾ, ਐੱਸ.ਡੀ.ਓ. ਵਿਪਨ ਕੁਮਾਰ, ਕਲਰਕ ਵਿਸ਼ਾਲ ਸਮੇਤ ਪੱਤਰਕਾਰ ਜਤਿੰਦਰ ਸ਼ਰਮਾ ਅਤੇ ਸੁਰਿੰਦਰ ਮਹਾਜਨ ਨੇ ਮਿਲ ਕੇ ਇਹ ਸਾਰਾ ਪੈਸਾ ਖੁਰਦ ਬੁਰਦ ਕੀਤਾ ਸੀ। ਇਸ ਮਾਮਲੇ ’ਚ ਐੱਸ.ਡੀ.ਓ. ਵਿਪਨ ਕੁਮਾਰ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜਮਾਨਤ ਹੋ ਚੁੱਕੀ ਹੈ। ਜਦਕਿ ਜਤਿੰਦਰ ਸ਼ਰਮਾ ਪੱਤਰਕਾਰ ਇਸ ਮੌਕੇ ਜੇਲ ’ਚ ਹਨ। ਜਦਕਿ ਪੱਤਰਕਾਰ ਸੁਰਿੰਦਰ ਮਹਾਜਨ ਤੇ ਈ.ਓ. ਅਰਵਿੰਦਰ ਸ਼ਰਮਾ ਅਜੇ ਵੀ ਭਗੌਡ਼ੇ ਹਨ। 

© 2016 News Track Live - ALL RIGHTS RESERVED