ਮਹਾਂ ਯੁੱਧ 'ਚ ਪੰਜਾਬੀ ਫੌਜੀਆਂ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ

Nov 14 2018 03:48 PM
ਮਹਾਂ ਯੁੱਧ 'ਚ ਪੰਜਾਬੀ ਫੌਜੀਆਂ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ

ਗੁਰਦਾਸਪੁਰ

ਵਿਸ਼ਵ ਜੰਗ ਦੌਰਾਨ ਸ਼ਹਾਦਤਾਂ ਪਾਉਣ ਵਾਲੇ ਸਿੱਖ ਫੌਜੀਆਂ ਦੀ ਕੁਰਬਾਨੀ ਨੂੰ ਸਮਰਪਿਤ ਯੂ. ਕੇ. 'ਚ ਬਣਾਈ ਗਈ ਯਾਦਗਾਰ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਘਟਨਾ ਦੇ ਮਾਮਲੇ 'ਚ ਅੱਜ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ  ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਰਾਹੀਂ ਬਾਜਵਾ ਨੇ ਵਿਸ਼ਵ ਜੰਗ ਦੌਰਾਨ ਸਿੱਖ ਫੌਜੀਆਂ ਦੀਆਂ ਦਲੇਰਾਨਾ ਅਤੇ ਬੇਮਿਸਾਲ ਪ੍ਰਾਪਤੀਆਂ ਤੋਂ ਇਲਾਵਾ ਕੁਰਬਾਨੀਆਂ ਦਾ ਵਿਸਥਾਰ ਪੂਰਵਕ ਜਿਕਰ ਕਰਦਿਆਂ ਕਿਹਾ ਹੈ ਕਿ ਇਸ ਮਹਾਂ ਯੁੱਧ 'ਚ ਪੰਜਾਬੀ ਫੌਜੀਆਂ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਕਿਉਂਕਿ ਆਪਣੇ ਘਰਾਂ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਇਨ੍ਹਾਂ ਸਿੱਖਾਂ ਨੇ ਉਸ ਦੇਸ਼ ਲਈ ਲੜਾਈ ਲੜੀ ਸੀ ਜੋ ਉਨ੍ਹਾਂ ਦਾ ਆਪਣਾ ਦੇਸ਼ ਨਹੀਂ ਸੀ। 

ਉਨ੍ਹਾਂ ਕਿਹਾ ਕਿ ਇਨ੍ਹਾਂ ਯੋਧਿਆਂ ਦੀ ਬਦੌਲਤ ਹੀ ਬਰਤਾਨੀਆ ਅਜ਼ਾਦੀ ਦਾ ਨਿੱਘ ਮਾਣ ਰਿਹਾ ਹੈ। ਇਸੇ ਕਾਰਨ ਯੂ. ਕੇ. ਦੇ ਗੁਰਦੁਆਰਾ ਗੁਰੂ ਨਾਨਕ ਸਮੂਹ ਦੇ ਸਾਹਮਣੇ ਯੂ. ਕੇ. ਦੀ ਸਭ ਤੋਂ ਵੱਡੀ ਯਾਦਗਾਰ ਬਣਾ ਕੇ ਸਿੱਖ ਫੌਜੀਆਂ  ਨੂੰ ਸਮਰਪਿਤ ਕੀਤੀ ਗਈ ਸੀ। ਪਰ ਕੁਝ ਸ਼ਰਾਰਤੀ ਅਨਸਰਾਂ ਨੇ ਕੁਝ ਸਮੇਂ ਬਾਅਦ ਹੀ ਇਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਘਟਨਾ ਨਾਲ ਨਾ ਸਿਰਫ ਸਿੱਖ ਭਾਈਚਾਰਾ ਗੁੱਸੇ 'ਚ ਹੈ। ਸਗੋਂ ਇਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਕੋਲੋਂ ਮੰਗ ਕੀਤੀ ਕਿ ਉਹ ਤੁਰੰਤ ਇਸ ਮਾਮਲੇ 'ਚ ਦਖਲ ਦੇਣ ਅਤੇ ਨਾ ਸਿਰਫ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਕਾਰਵਾਈ ਕਰਨ, ਸਗੋਂ ਸਿੱਖਾਂ ਵਲੋਂ ਇਸ ਵਿਸ਼ਵ ਯੁੱਧ ਨੂੰ ਜਿੱਤਣ ਲਈ ਪਾਏ ਵਡਮੁੱਲੇ ਯੋਗਦਾਨ ਸਬੰਧੀ ਦੁਨੀਆ 'ਚ ਜਾਗਰੂਕਤਾ ਪੈਦਾ ਕਰਨ ਲਈ ਉਪਰਾਲੇ ਕਰਨ।

© 2016 News Track Live - ALL RIGHTS RESERVED