ਕਾਂਗਰਸੀ ਵਿਧਾਇਕ ਰੁੱਸਣੇ ਸ਼ੁਰੂ ਹੋ ਗਏ

Jan 16 2019 03:02 PM
ਕਾਂਗਰਸੀ ਵਿਧਾਇਕ ਰੁੱਸਣੇ ਸ਼ੁਰੂ ਹੋ ਗਏ

ਚੰਡੀਗੜ੍ਹ:

ਪੰਜਾਬ ਵਿੱਚ ਕੈਪਟਨ ਸਰਕਾਰ ਨੂੰ ਬਣੇ ਦੋ ਸਾਲ ਵੀ ਨਹੀਂ ਹੋਏ ਕਿ ਕਾਂਗਰਸੀ ਵਿਧਾਇਕ ਰੁੱਸਣੇ ਸ਼ੁਰੂ ਹੋ ਗਏ ਹਨ। ਕਾਂਗਰਸੀ ਲੀਡਰਾਂ ਖਫਾ ਹਨ ਕਿ ਉਨ੍ਹਾਂ ਦੀ ਸਰਕਾਰੀ ਦਫਤਰਾਂ ਵਿੱਚ ਕੋਈ ਪੁੱਛਗਿੱਛ ਨਹੀਂ। ਮਾਲਵੇ ਤੋਂ ਬਾਅਦ ਇਹ ਬਗਾਵਤ ਦੁਆਬੇ ਵਿੱਚ ਵੀ ਵੇਖਣ ਨੂੰ ਮਿਲ ਰਹੀ ਹੈ। ਮਾਲਵੇ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਤੇ ਕੁਲਬੀਰ ਸਿੰਘ ਜ਼ੀਰਾ ਮਗਰੋਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਸੁਸ਼ੀਲ ਰਿੰਕੂ ਤੇ ਸ਼ਾਹਕੋਟ ਤੋਂ ਹਰਦੇਵ ਸਿੰਘ ਲਾਡੀ ਨੂੰ ਰੁੱਸੇ ਵਿਖਾਈ ਦੇ ਰਹੇ ਹਨ।
ਮੰਗਲਵਾਰ ਨੂੰ ਜਲੰਧਰ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਤੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਦਾ ਤਾਜਪੋਸ਼ੀ ਸਮਾਗਮ ਹੋਇਆ। ਇਸ ਸਮਾਗਮ ਵਿੱਚੋਂ ਸੁਸ਼ੀਲ ਰਿੰਕੂ ਤੇ ਹਰਦੇਵ ਸਿੰਘ ਲਾਡੀ ਗ਼ੈਰਹਾਜ਼ਰ ਰਹੇ। ਦੋਵਾਂ ਵਿਧਾਇਕਾਂ ਦੀ ਗੈਰ ਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਪਤਾ ਲੱਗਾ ਹੈ ਕਿ ਤਾਜਪੋਸ਼ੀ ਸਮਾਗਮ ਦੌਰਾਨ ਗ਼ੈਰਹਾਜ਼ਰ ਰਹੇ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਦੇ ਹਲਕੇ ਵਿੱਚੋਂ ਕੋਈ ਕੌਂਸਲਰ ਵੀ ਨਹੀਂ ਪਹੁੰਚਿਆ। ਉਨ੍ਹਾਂ ਦੇ ਹਲਕੇ ਵਿੱਚੋਂ ਸਿਰਫ਼ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਸਮਾਗਮ ਵਿੱਚ ਆਏ। ਇਸ ਹਲਕੇ ਵਿਚੋਂ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਵੀ ਗ਼ੈਰਹਾਜ਼ਰ ਰਹੇ।
ਦੂਜੇ ਪਾਸੇ ਹਰਦੇਵ ਸਿੰਘ ਲਾਡੀ ਨੇ ਸਮਾਗਮ ’ਚ ਆਪਣੀ ਗ਼ੈਰਹਾਜ਼ਰੀ ਬਾਰੇ ਕਿਹਾ ਕਿ ਰਿਸ਼ਤੇਦਾਰੀ ਵਿੱਚ ਵਿਆਹ ਹੋਣ ਕਾਰਨ ਉਹ ਸਮਾਗਮ ’ਚ ਨਹੀਂ ਆ ਸਕੇ। ਇਸ ਬਾਰੇ ਉਨ੍ਹਾਂ ਨੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਚਰਚਾ ਹੈ ਕਿ ਕਾਂਗਰਸੀ ਲੀਡਰ ਸਰਕਾਰ ਦੀ ਕਾਰਗੁਜਾਰੀ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਪਣੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਪੁੱਛਗਿੱਛ ਨਹੀਂ।

© 2016 News Track Live - ALL RIGHTS RESERVED